Home Entertainment ਐਮੀ ਵਿਰਕ ਦੀ ਫਿਲਮ ‘ਚੜ੍ਹਦੀਕਲਾ’ ਨੂੰ ਕੈਨੈਡਾ ਦੇ ਸਿਨੇਮਾ ਘਰਾਂ ਵਿੱਚ ਭਰਵਾਂ...

ਐਮੀ ਵਿਰਕ ਦੀ ਫਿਲਮ ‘ਚੜ੍ਹਦੀਕਲਾ’ ਨੂੰ ਕੈਨੈਡਾ ਦੇ ਸਿਨੇਮਾ ਘਰਾਂ ਵਿੱਚ ਭਰਵਾਂ ਹੁੰਗਾਰਾ

ਸਿੱਖ ਰਾਈਡਰਸ ਕਲੱਬ ਕੈਨੇਡਾ ਵੱਲੋਂ ਵਿਸ਼ੇਸ਼ ਸਵਾਗਤ, ਪੰਜਾਬੀ ਭਾਈਚਾਰੇ ਨੂੰ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਦੀ ਅਪੀਲ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਨਵੀਂ ਫਿਲਮ ‘ਚੜ੍ਹਦੀਕਲਾ’ ਦੀ ਰਿਲੀਜ਼ ਨੂੰ ਸਰੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸਰੀ ਦੇ ਗਿਲਫੋਰਡ ਸਥਿਤ ਸਿਨੇਮਾ ਘਰ ਵਿੱਚ ਹੋਏ ਵਿਸ਼ੇਸ਼ ਸ਼ੋਅ ਦੌਰਾਨ ਸਿੱਖ ਰਾਈਡਰਸ ਕਲੱਬ ਕੈਨੇਡਾ ਵੱਲੋਂ ਫਿਲਮ ਅਤੇ ਇਸ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਫਿਲਮ ਦੇ ਪ੍ਰਚਾਰ ਸਬੰਧੀ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਦਰਸ਼ਕ ਅਤੇ ਫਿਲਮ ਪ੍ਰੇਮੀ ਸ਼ਾਮਲ ਹੋਏ। ਹਾਜ਼ਰੀਨ ਨੇ ਫਿਲਮ ਪ੍ਰਤੀ ਆਪਣਾ ਉਤਸ਼ਾਹ ਪ੍ਰਗਟਾਉਂਦਿਆਂ ਇਸ ਨੂੰ ਪੰਜਾਬੀ ਸਿਨੇਮਾ ਲਈ ਇੱਕ ਮਹੱਤਵਪੂਰਨ ਪੇਸ਼ਕਸ਼ ਕਰਾਰ ਦਿੱਤਾ।ਇਸ ਮੌਕੇ ਗੱਲਬਾਤ ਕਰਦਿਆਂ ਐਮੀ ਵਿਰਕ ਨੇ ਸਰੀ ਸਮੇਤ ਸਮੂਹ ਕੈਨੇਡਾ ਦੇ ਪੰਜਾਬੀ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਫਿਲਮ ਨੂੰ ਭਰਪੂਰ ਸਹਿਯੋਗ ਦੇਣ ਅਤੇ ਆਪਣੇ ਪਰਿਵਾਰਾਂ ਸਮੇਤ ਸਿਨੇਮਾਘਰਾਂ ਵਿੱਚ ਜਾ ਕੇ ਇਸ ਦਾ ਆਨੰਦ ਮਾਣਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਿਲੀਜ਼ ਤੋਂ ਬਾਅਦ ਫਿਲਮ ਜਲਦ ਹੀ ਭਾਰਤ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ, ਜਿਸ ਨਾਲ ਦੇਸ਼-ਵਿਦੇਸ਼ ਦੇ ਦਰਸ਼ਕ ਇਸ ਫਿਲਮ ਨਾਲ ਜੁੜ ਸਕਣਗੇ।ਗਿਲਫੋਰਡ ਸਿਨੇਮਾ ਵਿਖੇ ਫਿਲਮ ਦੇ ਸ਼ੋਅ ਦੌਰਾਨ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਖ ਰਾਈਡਰਸ ਕਲੱਬ ਕੈਨੇਡਾ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲਿਆਂ ਨੂੰ ਹਮੇਸ਼ਾ ਸਮਰਥਨ ਦਿੱਤਾ ਜਾਂਦਾ ਰਹੇਗਾ।

ਫਿਲਮ ‘ਚੜ੍ਹਦੀਕਲਾ’ ਦੀ ਰਿਲੀਜ਼ ਨੂੰ ਲੈ ਕੇ ਸਰੀ ਦੇ ਪੰਜਾਬੀ ਭਾਈਚਾਰੇ ਵਿੱਚ ਖਾਸ ਰੌਣਕ ਅਤੇ ਉਤਸੁਕਤਾ ਦੇਖਣ ਨੂੰ ਮਿਲੀ, ਜੋ ਪੰਜਾਬੀ ਸਿਨੇਮਾ ਪ੍ਰਤੀ ਦਰਸ਼ਕਾਂ ਦੇ ਵਧਦੇ ਪਿਆਰ ਨੂੰ ਦਰਸਾਉਂਦੀ ਹੈ।

Exit mobile version