Google search engine
Home Global ਫੀਫਾ ਕੱਪ: ਛੋਟੀਆਂ ਟੀਮਾਂ ਵੱਡੇ ਰੁਸਤਮ ਬਣ ਕੇ ਉਭਰੀਆਂ!

ਫੀਫਾ ਕੱਪ: ਛੋਟੀਆਂ ਟੀਮਾਂ ਵੱਡੇ ਰੁਸਤਮ ਬਣ ਕੇ ਉਭਰੀਆਂ!

ਫੀਫਾ ਆਲਮੀ ਦਰਜਾਬੰਦੀ ਵਿੱਚ ਹੇਠਲੇ ਸਥਾਨਾਂ ’ਤੇ ਮੌਜੂਦ ਟੀਮਾਂ ਨੇ ਆਪਣੇ ਪਹਿਲੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 61ਵੇਂ ਸਥਾਨ ਵਾਲੇ ਸਾਊਦੀ ਅਰਬ, 67ਵੇਂ ਨੰਬਰ ਦੀ ਕੇਪ ਵਰਡੇ ਅਤੇ 85ਵੇਂ ਸਥਾਨ ਦੀ ਨਿਊਜ਼ੀਲੈਂਡ ਨੇ ਆਪਣੇ-ਆਪਣੇ ਮੈਚਾਂ ਵਿੱਚ ਉੱਚ ਦਰਜਾ ਪ੍ਰਾਪਤ ਟੀਮਾਂ ਨੂੰ ਜਿੱਤ ਤੋਂ ਵਾਂਝਾ ਰੱਖਿਆ।

ਸਭ ਤੋਂ ਵੱਡਾ ਉਲਟਫੇਰ ਕੇਪ ਵਰਡੇ ਨੇ ਕੀਤਾ, ਜਿਸ ਨੇ ਆਪਣੇ ਪਹਿਲੇ ਹੀ ਵਿਸ਼ਵ ਕੱਪ ਮੈਚ ਵਿੱਚ ਦੂਜੇ ਨੰਬਰ ਦੀ ਸਪੇਨ ਨੂੰ 0-0 ਨਾਲ ਡਰਾਅ ’ਤੇ ਰੋਕ ਦਿੱਤਾ। ਕੇਪ ਵਰਡੇ ਦੇ ਕੋਚ ਬੁਬਿਸਤਾ ਨੇ ਇਸ ਨਤੀਜੇ ਨੂੰ ਟੀਮ ਲਈ ਇਤਿਹਾਸਕ ਪਲ ਕਰਾਰ ਦਿੱਤਾ।

ਇਸੇ ਤਰ੍ਹਾਂ 85ਵੇਂ ਦਰਜੇ ਵਾਲੀ ਨਿਊਜ਼ੀਲੈਂਡ ਨੇ 20ਵੇਂ ਸਥਾਨ ਦੀ ਇਰਾਨੀ ਟੀਮ ਖ਼ਿਲਾਫ਼ 2-2 ਨਾਲ ਡਰਾਅ ਖੇਡ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਸਾਊਦੀ ਅਰਬ ਨੇ ਵੀ 16ਵੇਂ ਨੰਬਰ ਦੀ ਉਰੂਗੁਏ ਨੂੰ 1-1 ਦੀ ਬਰਾਬਰੀ ’ਤੇ ਰੋਕਿਆ, ਜਦਕਿ 29ਵੇਂ ਸਥਾਨ ਵਾਲੇ ਮਿਸਰ ਨੇ ਨੌਵੇਂ ਦਰਜੇ ਦੀ ਬੈਲਜੀਅਮ ਨਾਲ 1-1 ਨਾਲ ਅੰਕ ਵੰਡੇ।

ਸੋਮਵਾਰ ਨੂੰ ਖੇਡੇ ਗਏ ਚਾਰਾਂ ਮੈਚਾਂ ਦਾ ਡਰਾਅ ਰਹਿਣਾ ਪੁਰਸ਼ ਵਿਸ਼ਵ ਕੱਪ ਦੇ ਇਤਿਹਾਸ ਵਿੱਚ 1958 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜਦੋਂ ਇੱਕੋ ਦਿਨ ਵਿੱਚ ਇੰਨੇ ਵੱਧ ਮੁਕਾਬਲੇ ਬਰਾਬਰੀ ’ਤੇ ਖ਼ਤਮ ਹੋਏ ਹੋਣ। ਟੂਰਨਾਮੈਂਟ ਦੇ ਪਹਿਲੇ 16 ਮੈਚਾਂ ਵਿੱਚੋਂ ਅੱਠ ਮੈਚ ਡਰਾਅ ਰਹੇ ਹਨ, ਜਿਸ ਨਾਲ ਮੁਕਾਬਲਾ ਹੋਰ ਵੀ ਦਿਲਚਸਪ ਬਣ ਗਿਆ ਹੈ।

ਗਰੁੱਪ ‘ਐੱਫ’ ਅਤੇ ਗਰੁੱਪ ‘ਐੱਚ’ ਵਿੱਚ ਸਾਰੀਆਂ ਟੀਮਾਂ ਦੇ ਇੱਕ-ਇੱਕ ਅੰਕ ਹੋਣ ਕਾਰਨ ਅਗਲੇ ਮੁਕਾਬਲੇ ਕਾਫ਼ੀ ਰੋਮਾਂਚਕ ਹੋਣ ਦੀ ਉਮੀਦ ਹੈ। ਉਰੂਗੁਏ ਦੇ ਖਿਡਾਰੀ ਮੈਕਸੀ ਅਰਾਉਜੋ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਵਿੱਚ ਕੋਈ ਵੀ ਮੁਕਾਬਲਾ ਆਸਾਨ ਨਹੀਂ ਹੁੰਦਾ।

ਸਪੇਨ ਦੇ ਕੋਚ ਲੁਈਸ ਡੇ ਲਾ ਫੁਐਂਤੇ ਨੇ ਵੀ ਮੰਨਿਆ ਕਿ ਫੁਟਬਾਲ ਵਿੱਚ ਕਿਸੇ ਵੀ ਵਿਰੋਧੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਹਰ ਟੀਮ ਹੈਰਾਨੀਜਨਕ ਨਤੀਜੇ ਦੇਣ ਦੀ ਸਮਰੱਥਾ ਰੱਖਦੀ ਹੈ।

Exit mobile version