Google search engine
Home Canada ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵੱਲੋਂ ਥੌਂਪਸਨ (ਮੈਨੀਟੋਬਾ) ਦੀ ਸਿੱਖ ਸੋਸਾਇਟੀ ਲਈ 25,000...

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵੱਲੋਂ ਥੌਂਪਸਨ (ਮੈਨੀਟੋਬਾ) ਦੀ ਸਿੱਖ ਸੋਸਾਇਟੀ ਲਈ 25,000 ਡਾਲਰ ਦੀ ਵਿੱਤੀ ਸਹਾਇਤਾ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵੱਲੋਂ ਥੌਂਪਸਨ (ਮੈਨੀਟੋਬਾ) ਦੀ ਸਿੱਖ ਸੋਸਾਇਟੀ ਲਈ 25,000 ਡਾਲਰ ਦੀ ਵਿੱਤੀ ਸਹਾਇਤ

ਰਿਚਮੰਡ, 18 ਜੂਨ (ਹਰਦਮ ਮਾਨ)- ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ (8600 ਨੰਬਰ 5 ਰੋਡ, ਰਿਚਮੰਡ, ਬੀ.ਸੀ.) ਦੀ ਪ੍ਰਬੰਧਕ ਕਮੇਟੀ ਵੱਲੋਂ ‘ਸਿੱਖ ਸੋਸਾਇਟੀ ਆਫ਼ ਥੌਂਪਸਨ, ਮੈਨੀਟੋਬਾ’ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਰਸੋਈ (ਕਮਿਊਨਿਟੀ ਕਿਚਨ) ਦੇ ਨਿਰਮਾਣ ਲਈ 25,000 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਬੀਤੇ ਦਿਨੀਂ ਥੌਂਪਸਨ ਗੁਰਦੁਆਰਾ ਸਾਹਿਬ ਦੇ ਇੱਕ ਵਫ਼ਦ ਨੇ ਰਿਚਮੰਡ ਦੇ ਇਸ ਇਤਿਹਾਸਕ ਗੁਰੂ ਘਰ ਦਾ ਦੌਰਾ ਕਰਕੇ ਪ੍ਰਬੰਧਕਾਂ ਸਾਹਮਣੇ ਆਪਣੀ ਵਿੱਤੀ ਲੋੜ ਦਾ ਪੱਖ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਸੀ, ਜਿਸ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਕਮੇਟੀ ਨੇ ਤੁਰੰਤ ਇਹ ਮਦਦ ਦੇਣ ਦਾ ਫੈਸਲਾ ਕੀਤਾ।

ਬੀਤੇ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਕਮੇਟੀ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੋਹਲ ਨੇ 25,000 ਡਾਲਰ ਦਾ ਚੈੱਕ ਸਿੱਖ ਸੋਸਾਇਟੀ ਆਫ਼ ਥੌਂਪਸਨ ਦੇ ਸੈਕਟਰੀ ਕੁਲਵੰਤ ਸਿੰਘ ਅਤੇ ਖਜ਼ਾਨਚੀ ਇੰਦਰਜੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਗੁਰਦੁਆਰਾ ਨਾਨਕ ਨਿਵਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਸੰਧੂ, ਉਪ-ਪ੍ਰਧਾਨ ਉਬੇਦ ਸਿੰਘ ਸਿੱਧੂ, ਸੈਕਟਰੀ ਬਲਵੰਤ ਸਿੰਘ ਸੰਘੇੜਾ, ਖਜ਼ਾਨਚੀ ਕਮਲਜੀਤ ਸਿੰਘ ਦੁਸਾਂਝ, ਸਹਾਇਕ ਸੈਕਟਰੀ ਕੰਵਰਜੀਤ ਸਿੰਘ ਸਿਹੋਤਾ ਅਤੇ ਡਾਇਰੈਕਟਰ ਸਤਵੰਤ ਕੌਰ ਜਰਮਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਸੋਸਾਇਟੀ ਨੇ ਇਸ ਗੱਲ ‘ਤੇ ਗਹਿਰੀ ਖੁਸ਼ੀ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਮੈਨੀਟੋਬਾ ਦੀ ਦੂਰ-ਦੁਰਾਡੇ ਦੀ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਨਾਨਕ ਨਿਵਾਸ ਦੇ ਸੈਕਟਰੀ ਸ. ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਇਤਿਹਿਾਸ 130 ਸਾਲ ਤੋਂ ਵੀ ਵੱਧ ਪੁਰਾਣਾ ਹੈ। ਅੱਜ ਦੇ ਸਮੇਂ ਵਿੱਚ ਲਗਭਗ 20 ਲੱਖ ਪੰਜਾਬੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਹੈ, ਕੈਨੇਡਾ ਦੇ ਕੋਨੇ-ਕੋਨੇ ਵਿੱਚ ਵੱਸੇ ਹੋਏ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਜਿੱਥੇ ਵੀ ਪੈਰ ਜਮਾਏ, ਉੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਤਰਜੀਹ ਦਿੱਤੀ। ਅਜਿਹੀ ਹੀ ਇੱਕ ਮਿਸਾਲ ਮੈਨੀਟੋਬਾ ਦੀ ਰਾਜਧਾਨੀ ਵਿੰਨੀਪੈਗ ਤੋਂ ਲਗਭਗ 750 ਕਿਲੋਮੀਟਰ ਉੱਤਰ ਵੱਲ ਸਥਿਤ ਇੱਕ ਛੋਟੇ ਅਤੇ ਦੂਰ-ਦੁਰਾਡੇ ਦੇ ਮਾਈਨਿੰਗ ਕਸਬੇ ‘ਥੌਂਪਸਨ’ ਤੋਂ ਮਿਲਦੀ ਹੈ। ਇੱਥੇ ਸਾਲ 1974 ਵਿੱਚ ਸਥਾਪਿਤ ਹੋਈ ਇੱਕ ਰਜਿਸਟਰਡ ਚੈਰਿਟੀ ‘ਸਿੱਖ ਸੋਸਾਇਟੀ ਆਫ਼ ਥੌਂਪਸਨ’ ਪਿਛਲੇ 52 ਸਾਲਾਂ ਤੋਂ ਸਥਾਨਕ ਸਾਊਥ ਏਸ਼ੀਅਨ ਭਾਈਚਾਰੇ ਦੀ ਨਿਰੰਤਰ ਸੇਵਾ ਕਰ ਰਹੀ ਹੈ।

ਸ. ਸੰਘੇੜਾ ਨੇ ਅੱਗੇ ਦੱਸਿਆ ਕਿ ਥੌਂਪਸਨ ਵਿਖੇ ਇੱਕ ਪੁਰਾਣੀ ਚਰਚ ਦੀ ਇਮਾਰਤ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਸੀ, ਪਰ ਸਮਾਂ ਬੀਤਣ ਨਾਲ ਉੱਥੋਂ ਦੀ ਛੋਟੀ ਰਸੋਈ ਹੁਣ ਸਿਟੀ ਦੇ ਪਬਲਿਕ ਹੈਲਥ (ਜਨਤਕ ਸਿਹਤ) ਦੇ ਨਿਯਮਾਂ ਅਤੇ ਲੋੜਾਂ ‘ਤੇ ਪੂਰੀ ਨਹੀਂ ਉਤਰਦੀ। ਸਿਟੀ ਦੀਆਂ ਸ਼ਰਤਾਂ ਮੁਤਾਬਕ 111 ਗੋਲਡਆਈ ਕ੍ਰੇਸੈਂਟ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਨਵੀਂ ਅਤੇ ਕੋਡ-ਕੰਪਲਾਇੰਟ ਕਮਿਊਨਿਟੀ ਕਿਚਨ ਤਿਆਰ ਕਰਨ ‘ਤੇ ਕਾਫੀ ਵੱਡਾ ਖਰਚਾ ਆ ਰਿਹਾ ਹੈ। ਕਿਉਂਕਿ ਇਸ ਦੂਰ-ਦੁਰਾਡੇ ਇਲਾਕੇ ਵਿੱਚ ਸੰਗਤ ਦੀ ਗਿਣਤੀ ਅਤੇ ਸਾਧਨ ਬਹੁਤ ਸੀਮਤ ਹਨ, ਇਸ ਲਈ ਸੋਸਾਇਟੀ ਵੱਲੋਂ ਦੂਜੇ ਗੁਰੂ ਘਰਾਂ, ਕਾਰੋਬਾਰੀਆਂ ਅਤੇ ਦਾਨੀ ਸੱਜਣਾਂ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿੱਚ ਥੌਂਪਸਨ ਸੋਸਾਇਟੀ ਦਾ ਇੱਕ ਵਫ਼ਦ ਅੱਜਕੱਲ੍ਹ ਮੈਟਰੋ ਵੈਨਕੂਵਰ ਦੇ ਦੌਰੇ ‘ਤੇ ਹੈ, ਜਿਸ ਦੀ ਮਦਦ ਲਈ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਨੇ ਇਹ ਸਹਿਯੋਗ ਦਿੱਤਾ ਹੈ।

Exit mobile version