Google search engine
Home Canada ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਮੈਂਬਰਾਂ ਨੇ ਐਲਿਸ ਲੇਕ ਸਕਾਮਿਸ਼ ਵਿਖੇ ਯਾਦਗਾਰੀ...

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਮੈਂਬਰਾਂ ਨੇ ਐਲਿਸ ਲੇਕ ਸਕਾਮਿਸ਼ ਵਿਖੇ ਯਾਦਗਾਰੀ ਪਿਕਨਿਕ ਟੂਰ ਲਾਇਆ

ਸਰੀ, 25 ਜੂਨ (ਹਰਦਮ ਮਾਨ) – ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਸਾਲ 2026 ਦਾ ਤੀਜਾ ਪਿਕਨਿਕ ਟੂਰ ਸੁੰਦਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਐਲਿਸ ਲੇਕ ਸਕਾਮਿਸ਼ ਵਿਖੇ ਲਾਇਆ ਗਿਆ। ਇਸ ਮਨੋਰੰਜਕ ਅਤੇ ਯਾਦਗਾਰੀ ਯਾਤਰਾ ਦੌਰਾਨ ਸੀਨੀਅਰ ਮੈਂਬਰਾਂ ਨੇ ਕੁਦਰਤ ਦੀ ਗੋਦ ਵਿੱਚ ਖੁਸ਼ਗਵਾਰ ਪਲ ਬਿਤਾਏ ਅਤੇ ਆਪਸੀ ਸਾਂਝ ਤੇ ਸੱਭਿਆਚਾਰਕ ਰੰਗਾਂ ਦਾ ਭਰਪੂਰ ਆਨੰਦ ਮਾਣਿਆ। ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਹ ਟੂਰ ਸਵੇਰੇ ਸੀਨੀਅਰ ਸੈਂਟਰ ਤੋਂ ਬੱਸ ਰਾਹੀਂ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸੰਸਥਾ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਨੂੰ ‘ਜੀ ਆਇਆਂ’ ਆਖਦਿਆਂ ਟੂਰ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਪਿਕਨਿਕ ਦਾ ਪੂਰਾ ਆਨੰਦ ਮਾਣਨ ਲਈ ਆਪਸੀ ਸਹਿਯੋਗ ਦੀ ਅਪੀਲ ਕੀਤੀ।

ਪਹਾੜਾਂ ਅਤੇ ਹਰਿਆਲੀ ਨਾਲ ਸਜੇ ਮਨਮੋਹਕ ਰਸਤੇ ਦਾ ਲੁਤਫ਼ ਲੈਂਦਿਆਂ ਸੀਨੀਅਰ ਮੈਂਬਰ ਪਹਿਲਾਂ ਸ਼ੈਨਨ ਫਾਲਜ਼ ਪ੍ਰੋਵਿੰਸ਼ਲ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਝਰਨਿਆਂ ਦੇ ਦਿਲਕਸ਼ ਨਜ਼ਾਰਿਆਂ ਦਾ ਆਨੰਦ ਮਾਣਿਆ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਇਸ ਉਪਰੰਤ ਸਾਰੇ ਮੈਂਬਰ ਐਲਿਸ ਲੇਕ ਪ੍ਰੋਵਿੰਸ਼ਲ ਪਾਰਕ ਪਹੁੰਚੇ, ਜਿੱਥੇ ਕੁਦਰਤ ਦੀ ਸ਼ਾਂਤਮਈ ਫ਼ਿਜ਼ਾ ਨੇ ਸਭ ਦਾ ਮਨ ਮੋਹ ਲਿਆ।

ਪਾਰਕ ਵਿੱਚ ਸਜਾਈ ਕਾਵਿ-ਮਹਿਫ਼ਲ ਇਸ ਪਿਕਨਿਕ ਦਾ ਖ਼ਾਸ ਆਕਰਸ਼ਣ ਰਹੀ। ਸ਼ਾਇਰੀ ਅਤੇ ਸਾਹਿਤ ਨਾਲ ਪ੍ਰੇਮ ਕਰਨ ਵਾਲੇ ਮੈਂਬਰਾਂ ਨੇ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਰੰਗਾਰੰਗ ਮਾਹੌਲ ਸਿਰਜ ਦਿੱਤਾ। ਇਸ ਮਹਿਫ਼ਲ ਦੀ ਸ਼ੁਰੂਆਤ ਜਗੀਰ ਸਿੰਘ ਲਾਲੀ ਨੇ ਕੀਤੀ। ਉਪਰੰਤ ਮਨਜੀਤ ਸਿੰਘ ਮੱਲ੍ਹਾ, ਬੇਅੰਤ ਸਿੰਘ ਢਿੱਲੋਂ, ਗੁਰਮੇਲ ਸਿੰਘ ਧਾਲੀਵਾਲ ਅਤੇ ਹਰਚੰਦ ਸਿੰਘ ਗਿੱਲ ਨੇ ਆਪਣੀਆਂ ਰਚਨਾਵਾਂ ਅਤੇ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਮਨਜੀਤ ਸਿੰਘ ਮੱਲ੍ਹਾ ਨੇ ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਹਰਦਮ ਮਾਨ ਦੀਆਂ ਗ਼ਜ਼ਲਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਖ਼ੂਬ ਵਾਹ-ਵਾਹ ਖੱਟੀ। ਸਮੁੱਚੀ ਮਹਿਫ਼ਲ ਦਾ ਸੁਚੱਜਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਕੀਤਾ।

ਟੂਰ ਨੂੰ ਸਫਲ ਬਣਾਉਣ ਵਿੱਚ ਬਲਦੇਵ ਸਿੰਘ ਬੀਰੀਆ, ਸੁਸ਼ੀਲ ਚੌਧਰੀ, ਬਲਬੀਰ ਸਿੰਘ ਗਰਚਾ ਅਤੇ ਗੁਰਜੀਵਨ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਸ਼ਾਮ ਵੇਲੇ ਐਲਿਸ ਲੇਕ ਪ੍ਰੋਵਿੰਸ਼ਲ ਪਾਰਕ ਤੋਂ ਵਾਪਸੀ ਲਈ ਰਵਾਨਾ ਹੋ ਕੇ ਸਾਰੇ ਸੀਨੀਅਰ ਮੈਂਬਰ ਸੁਖਦ ਯਾਦਾਂ ਨਾਲ ਭਰਪੂਰ ਮਨਾਂ ਨਾਲ ਸਰੀ ਸਥਿਤ ਸੀਨੀਅਰ ਸੈਂਟਰ ਪਹੁੰਚੇ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਟੂਰ ਨੂੰ ਸਫਲ ਬਣਾਉਣ ਲਈ ਸਮੂਹ ਮੈਂਬਰਾਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।

Exit mobile version