ਪੰਜਾਬ ਵਿੱਚ ਸਾਈਬਰ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਠੱਗਾਂ ਨੇ ਸੂਬੇ ਦੇ ਲੋਕਾਂ ਨਾਲ 540.34 ਕਰੋੜ ਰੁਪਏ ਦੀ ਠੱਗੀ ਕੀਤੀ ਹੈ, ਜੋ ਰੋਜ਼ਾਨਾ ਔਸਤਨ ਕਰੀਬ ਡੇਢ ਕਰੋੜ ਰੁਪਏ ਬਣਦੀ ਹੈ।
ਡੀਜੀਪੀ ਗੌਰਵ ਯਾਦਵ ਅਤੇ ਸਪੈਸ਼ਲ ਡੀਜੀਪੀ ਵੀ. ਨੀਰਜਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸਾਲ 2024 ਤੋਂ ਹੁਣ ਤੱਕ ਪੰਜਾਬ ਪੁਲੀਸ 64 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੀੜਤਾਂ ਨੂੰ ਵਾਪਸ ਕਰਵਾਉਣ ਵਿੱਚ ਸਫਲ ਰਹੀ ਹੈ। ਇਸ ਦੇ ਨਾਲ ਹੀ 63,749 ਬੈਂਕ ਖਾਤੇ ਫ਼ਰੀਜ਼ ਕੀਤੇ ਗਏ ਹਨ, ਜਿਨ੍ਹਾਂ ਰਾਹੀਂ 540 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਹੋਏ ਸਨ। ਸਾਈਬਰ ਧੋਖਾਧੜੀ ਨਾਲ ਸਬੰਧਤ 62,253 ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਸਾਈਬਰ ਠੱਗਾਂ ਦੇ ਨੈੱਟਵਰਕ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿੱਤੀ ਰਿਕਵਰੀ ਦੀ ਦਰ 16.13 ਫ਼ੀਸਦੀ ਤੋਂ ਵਧ ਕੇ 23.43 ਫ਼ੀਸਦੀ ਹੋ ਗਈ ਹੈ। ਬਹੁਤੇ ਮਾਮਲਿਆਂ ਵਿੱਚ ਠੱਗਾਂ ਦਾ ਨੈੱਟਵਰਕ ਅੰਤਰਰਾਜੀ ਪੱਧਰ ‘ਤੇ ਫੈਲਿਆ ਹੋਇਆ ਹੈ।
ਇੱਕ ਤਾਜ਼ਾ ਮਾਮਲੇ ਵਿੱਚ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਨੂੰ ਸੋਸ਼ਲ ਮੀਡੀਆ ‘ਤੇ ਧਾਰਮਿਕ ਪ੍ਰਾਰਥਨਾ ਦੇ ਬਹਾਨੇ ਸੰਪਰਕ ਕਰਕੇ ਸੈਕਸਟੋਰਸ਼ਨ ਦਾ ਸ਼ਿਕਾਰ ਬਣਾਇਆ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 3.49 ਲੱਖ ਰੁਪਏ ਅਤੇ 500 ਅਮਰੀਕੀ ਡਾਲਰ ਬਰਾਮਦ ਕੀਤੇ ਹਨ।
ਪੰਜਾਬ ਵਿੱਚ ‘ਡਿਜੀਟਲ ਅਰੈਸਟ’, ਫ਼ਰਜ਼ੀ ਜਾਂਚ ਏਜੰਸੀਆਂ ਦੇ ਨਾਮ ‘ਤੇ ਧਮਕੀਆਂ, ਸ਼ੇਅਰ ਮਾਰਕੀਟ ਵਿੱਚ ਵੱਡੇ ਮੁਨਾਫ਼ੇ ਦਾ ਲਾਲਚ ਅਤੇ ਸੈਕਸਟੋਰਸ਼ਨ ਵਰਗੇ ਸਾਈਬਰ ਅਪਰਾਧਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਵਰਧਮਾਨ ਗਰੁੱਪ ਦੇ ਪ੍ਰਮੁੱਖ ਐੱਸ.ਪੀ. ਓਸਵਾਲ ਅਤੇ ਪੰਜਾਬ ਪੁਲੀਸ ਦੇ ਇੱਕ ਸਾਬਕਾ ਡੀਆਈਜੀ ਵੀ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਚੁੱਕੇ ਹਨ।
ਸਪੈਸ਼ਲ ਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਜਾਣ ਲਿੰਕਾਂ, ਵੀਡੀਓ ਕਾਲਾਂ, ਨਿਵੇਸ਼ ਸਕੀਮਾਂ ਅਤੇ ਸੋਸ਼ਲ ਮੀਡੀਆ ‘ਤੇ ਬਣ ਰਹੀਆਂ ਸ਼ੱਕੀ ਦੋਸਤੀਆਂ ਤੋਂ ਸਾਵਧਾਨ ਰਹਿਣ। ਪੁਲੀਸ ਵੱਲੋਂ ਨੌਜਵਾਨਾਂ ਨੂੰ ਸਾਈਬਰ ਬੁਲਿੰਗ, ਔਨਲਾਈਨ ਗ੍ਰੂਮਿੰਗ, ਸੈਕਸਟੋਰਸ਼ਨ ਅਤੇ ਹੋਰ ਡਿਜੀਟਲ ਖ਼ਤਰਿਆਂ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।




