ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਐਬਸਫੋਰਡ ਵਿੱਚ ਰਹਿੰਦੇ ਜਗਮਨਜੀਤ ਸਿੰਘ ਸਮਰਾ ਦਾ ਨਾਮ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਸਮਰਾ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਕਾਰਨ ਸੁਰਖ਼ੀਆਂ ਵਿੱਚ ਰਹਿ ਚੁੱਕਾ ਹੈ ਅਤੇ ਪੰਜਾਬ ਪੁਲੀਸ ਲਈ ਅਣਜਾਣ ਚਿਹਰਾ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਕਥਿਤ ਵਾਇਰਲ ਵੀਡੀਓ ਕਿਸੇ ਵਿਅਕਤੀ ਨੂੰ ਉਨ੍ਹਾਂ ਵਰਗਾ ਮਾਸਕ ਪਹਿਨਾ ਕੇ ਤਿਆਰ ਕੀਤੀ ਗਈ ਹੈ। ਇਸ ਦੇ ਜਵਾਬ ਵਿੱਚ ਜਗਮਨ ਸਮਰਾ ਨੇ ਲਾਈਵ ਆ ਕੇ ਇਹ ਦੋਸ਼ ਰੱਦ ਕਰ ਦਿੱਤੇ। ਹਾਲਾਂਕਿ ਉਸ ਨੇ ਇਹ ਮੰਨਿਆ ਕਿ ਵੀਡੀਓ ਕੈਨੇਡਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਕਿਸੇ ਹੋਰ ਵਿਅਕਤੀ ਨੇ ਬਣਾਈ ਸੀ ਅਤੇ ਬਾਅਦ ਵਿੱਚ ਉਸ ਨੂੰ ਦਿੱਤੀ ਗਈ ਸੀ।
ਸਮਰਾ ਵਿਰੁੱਧ 28 ਨਵੰਬਰ 2020 ਨੂੰ ਫ਼ਿਰੋਜ਼ਪੁਰ ਵਿੱਚ 65 ਲੱਖ ਰੁਪਏ ਦੀ ਕਥਿਤ ਠੱਗੀ ਦਾ ਕੇਸ ਦਰਜ ਹੋਇਆ ਸੀ। ਦਸੰਬਰ 2021 ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਫ਼ਰੀਦਕੋਟ ਜੇਲ੍ਹ ਭੇਜਿਆ ਗਿਆ, ਜਿੱਥੋਂ ਉਹ ਫ਼ਰਵਰੀ 2022 ਵਿੱਚ ਇਲਾਜ ਦੌਰਾਨ ਕਥਿਤ ਤੌਰ ‘ਤੇ ਫ਼ਰਾਰ ਹੋ ਗਿਆ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਨੇਪਾਲ ਦੇ ਰਸਤੇ ਕੈਨੇਡਾ ਪਹੁੰਚਿਆ। ਪਿਛਲੇ ਸਾਲ ਕਥਿਤ ਵਿਵਾਦਿਤ ਵੀਡੀਓ ਜਨਤਕ ਕਰਨ ਦੇ ਮਾਮਲੇ ਵਿੱਚ ਵੀ ਉਸ ਖ਼ਿਲਾਫ਼ ਇੱਕ ਹੋਰ ਕੇਸ ਦਰਜ ਹੋਇਆ ਸੀ।
ਆਪਣੀ ਤਾਜ਼ਾ ਲਾਈਵ ਵੀਡੀਓ ਵਿੱਚ ਸਮਰਾ ਨੇ ਬਲੈਕਮੇਲਿੰਗ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਕਿਸੇ ਤੋਂ 100 ਕਰੋੜ ਰੁਪਏ ਨਹੀਂ ਮੰਗੇ। ਉਸ ਨੇ ਕਿਸੇ ਸਿਆਸੀ ਪਾਰਟੀ ਦਾ ਏਜੰਟ ਹੋਣ ਦੇ ਦੋਸ਼ ਵੀ ਰੱਦ ਕਰ ਦਿੱਤੇ। ਹਾਲਾਂਕਿ ਵੀਡੀਓ ਦੇ ਸਮੇਂ ਨੂੰ ਲੈ ਕੇ ਉਸ ਦੇ ਬਿਆਨਾਂ ਵਿੱਚ ਫ਼ਰਕ ਵੀ ਸਾਹਮਣੇ ਆਇਆ ਹੈ। ਪਹਿਲਾਂ ਉਹ ਇਸ ਵੀਡੀਓ ਨੂੰ 2018 ਦੀ ਦੱਸਦਾ ਰਿਹਾ, ਜਦਕਿ ਹੁਣ ਉਸ ਨੇ ਇਸ ਨੂੰ 2013 ਵਿੱਚ ਬਣੀ ਹੋਈ ਕਰਾਰ ਦਿੱਤਾ ਹੈ।
ਕਥਿਤ ਵਿਵਾਦਿਤ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਾਮਲਾ ਜਾਂਚ ਅਤੇ ਸਿਆਸੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ, ਜਦਕਿ ਸਰਕਾਰ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦੇ ਰਹੀ ਹੈ।
