Google search engine
Home Canada ਕੈਨੇਡਾ ‘ਚ ਦਵਾਈਆਂ ਦੀ ਘਾਟ ਬਣੀ ਵੱਡੀ ਚੁਣੌਤੀ, ਮਰੀਜ਼ਾਂ ਅਤੇ ਸਿਹਤ ਪ੍ਰਣਾਲੀ...

ਕੈਨੇਡਾ ‘ਚ ਦਵਾਈਆਂ ਦੀ ਘਾਟ ਬਣੀ ਵੱਡੀ ਚੁਣੌਤੀ, ਮਰੀਜ਼ਾਂ ਅਤੇ ਸਿਹਤ ਪ੍ਰਣਾਲੀ ‘ਤੇ ਵਧਿਆ ਦਬਾਅ

ਕੈਨੇਡਾ ਦੀ ਸਿਹਤ ਪ੍ਰਣਾਲੀ ਨੂੰ ਦੁਨੀਆ ਦੀਆਂ ਬਿਹਤਰੀਨ ਪ੍ਰਣਾਲੀਆਂ ਵਿੱਚ ਗਿਣਿਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਦਵਾਈਆਂ ਦੀ ਲਗਾਤਾਰ ਘਾਟ ਗੰਭੀਰ ਸਮੱਸਿਆ ਬਣੀ ਹੋਈ ਹੈ। ਕੈਂਸਰ, ਦਿਲ ਦੇ ਰੋਗ, ਇਨਫੈਕਸ਼ਨ ਅਤੇ ਬੱਚਿਆਂ ਦੇ ਬੁਖ਼ਾਰ-ਖੰਘ ਲਈ ਵਰਤੀਆਂ ਜਾਣ ਵਾਲੀਆਂ ਕਈ ਜ਼ਰੂਰੀ ਦਵਾਈਆਂ ਦੀ ਕਮੀ ਕਾਰਨ ਹਸਪਤਾਲਾਂ, ਫਾਰਮੇਸੀਆਂ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਹਰਾਂ ਮੁਤਾਬਕ ਕੈਨੇਡਾ ਦਵਾਈਆਂ ਅਤੇ ਉਨ੍ਹਾਂ ਦੇ ਨਿਰਮਾਣ ਲਈ ਲੋੜੀਂਦੇ ਕੱਚੇ ਮਾਲ (API) ਲਈ ਵੱਡੇ ਪੱਧਰ ‘ਤੇ ਭਾਰਤ ਅਤੇ ਚੀਨ ‘ਤੇ ਨਿਰਭਰ ਹੈ। ਸਪਲਾਈ ਚੇਨ ਵਿੱਚ ਰੁਕਾਵਟ, ਸਖ਼ਤ ਨਿਯਮ, ਲੰਬੀ ਮਨਜ਼ੂਰੀ ਪ੍ਰਕਿਰਿਆ ਅਤੇ ਕੀਮਤਾਂ ‘ਤੇ ਸਰਕਾਰੀ ਨਿਯੰਤਰਣ ਕਾਰਨ ਦਵਾਈਆਂ ਦੀ ਉਪਲਬਧਤਾ ਪ੍ਰਭਾਵਿਤ ਹੋ ਰਹੀ ਹੈ। ਘੱਟ ਮੁਨਾਫ਼ੇ ਕਾਰਨ ਕਈ ਦਵਾਈ ਨਿਰਮਾਤਾ ਕੰਪਨੀਆਂ ਕੈਨੇਡਾ ਦੀ ਥਾਂ ਵੱਡੇ ਅਤੇ ਵੱਧ ਲਾਭ ਵਾਲੇ ਬਾਜ਼ਾਰਾਂ ਨੂੰ ਤਰਜੀਹ ਦਿੰਦੀਆਂ ਹਨ।

ਦਵਾਈਆਂ ਦੀ ਘਾਟ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਬੱਚਿਆਂ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ‘ਤੇ ਪੈ ਰਿਹਾ ਹੈ। ਫਾਰਮਾਸਿਸਟਾਂ ਨੂੰ ਬਦਲਵੀਂ ਦਵਾਈਆਂ ਲੱਭਣੀਆਂ ਪੈਂਦੀਆਂ ਹਨ, ਜਿਸ ਨਾਲ ਖੁਰਾਕ ਵਿੱਚ ਤਬਦੀਲੀ ਅਤੇ ਦੁਸ਼ਪ੍ਰਭਾਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਕਈ ਮਰੀਜ਼ਾਂ ਨੂੰ ਆਪਣੀਆਂ ਸਰਜਰੀਆਂ ਜਾਂ ਜ਼ਰੂਰੀ ਇਲਾਜ ਵੀ ਮੁਲਤਵੀ ਕਰਨੇ ਪੈ ਰਹੇ ਹਨ।

ਸਥਿਤੀ ਨੂੰ ਕਾਬੂ ਕਰਨ ਲਈ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਜ਼ਰੂਰੀ ਦਵਾਈਆਂ ਦੀ ਘਾਟ ਦੌਰਾਨ ਅਮਰੀਕਾ ਅਤੇ ਯੂਰਪ ਤੋਂ ਵਿਸ਼ੇਸ਼ ਮਨਜ਼ੂਰੀ ਨਾਲ ਦਵਾਈਆਂ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਨਾਲ ਹੀ, ਦੇਸ਼ ਅੰਦਰ ਦਵਾਈ ਨਿਰਮਾਣ ਸਮਰੱਥਾ ਵਧਾਉਣ ਲਈ ਨਿਵੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦੇਸ਼ੀ ਸਪਲਾਈ ‘ਤੇ ਨਿਰਭਰਤਾ ਘਟਾਈ ਜਾ ਸਕੇ।

Exit mobile version