Google search engine
Home Punjab News ਪੰਜਾਬ ‘ਚ ਯੂਰੀਆ ਖਾਦ ਦਾ ਕਰੋੜਾਂ ਦਾ ਘਪਲਾ ਬੇਨਕਾਬ, ਸਬਸਿਡੀ ਵਾਲੀ ਖਾਦ...

ਪੰਜਾਬ ‘ਚ ਯੂਰੀਆ ਖਾਦ ਦਾ ਕਰੋੜਾਂ ਦਾ ਘਪਲਾ ਬੇਨਕਾਬ, ਸਬਸਿਡੀ ਵਾਲੀ ਖਾਦ ਕੈਟਲ ਫੀਡ ਪਲਾਂਟਾਂ ਤੱਕ ਪੁੱਜੀ

ਪੰਜਾਬ ਵਿੱਚ ਕਿਸਾਨਾਂ ਲਈ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਯੂਰੀਆ ਖਾਦ ਦੀ ਕਥਿਤ ਦੁਰਵਰਤੋਂ ਦਾ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਖੇਤੀਬਾੜੀ ਵਿਭਾਗ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਗੈਰ-ਖੇਤੀ ਵਰਤੋਂ ਲਈ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੀ ਨੀਮ-ਕੋਟੇਡ ਯੂਰੀਆ ਨੂੰ ਨਵੇਂ ਲੇਬਲ ਲਗਾ ਕੇ ਕੈਟਲ ਫੀਡ ਪਲਾਂਟਾਂ ਵਿੱਚ ਸਪਲਾਈ ਕੀਤਾ ਗਿਆ।

ਵਿਭਾਗ ਨੇ ਮਿਲਕਫੈੱਡ ਅਤੇ ਮਾਰਕਫੈੱਡ ਦੇ ਖੰਨਾ, ਬਟਾਲਾ, ਕਪੂਰਥਲਾ ਅਤੇ ਗਿੱਦੜਬਾਹਾ ਸਥਿਤ ਕੈਟਲ ਫੀਡ ਪਲਾਂਟਾਂ ਤੋਂ ਲਏ ਨਮੂਨਿਆਂ ਦੀ ਜਾਂਚ ਕਰਵਾਈ, ਜਿੱਥੇ ਲੈਬ ਰਿਪੋਰਟਾਂ ਵਿੱਚ ਸਬਸਿਡੀ ਵਾਲੀ ਨੀਮ-ਕੋਟੇਡ ਯੂਰੀਆ ਦੀ ਪੁਸ਼ਟੀ ਹੋਈ। ਕਈ ਬੈਗਾਂ ‘ਤੇ ਨਿਰਮਾਤਾ ਕੰਪਨੀ ਦਾ ਨਾਮ, ਬੈਚ ਨੰਬਰ ਅਤੇ ਹੋਰ ਲਾਜ਼ਮੀ ਵੇਰਵੇ ਵੀ ਨਹੀਂ ਮਿਲੇ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਪ੍ਰਾਈਵੇਟ ਫ਼ਰਮਾਂ ਨੂੰ ਟੈਕਨੀਕਲ ਗ੍ਰੇਡ ਯੂਰੀਆ ਦੀ ਸਪਲਾਈ ਦਾ ਠੇਕਾ ਦਿੱਤਾ ਗਿਆ ਸੀ, ਉਨ੍ਹਾਂ ਵੱਲੋਂ ਕਥਿਤ ਤੌਰ ‘ਤੇ ਸਬਸਿਡੀ ਵਾਲੀ ਖਾਦ ਦੀ ਸਪਲਾਈ ਕੀਤੀ ਗਈ। ਇਸ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਦੇ ਸ਼ੱਕ ਨੂੰ ਵੀ ਨਕਾਰਿਆ ਨਹੀਂ ਜਾ ਰਿਹਾ।

ਖੇਤੀਬਾੜੀ ਵਿਭਾਗ ਨੇ ਸਬੰਧਤ ਪ੍ਰਾਈਵੇਟ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਭੇਜ ਦਿੱਤੇ ਹਨ। ਇਸ ਤੋਂ ਪਹਿਲਾਂ ਰਾਜਪੁਰਾ ਵਿੱਚ ਵੀ ਸਬਸਿਡੀ ਵਾਲੀ ਯੂਰੀਆ ਦੀ ਗੈਰ-ਕਾਨੂੰਨੀ ਵਰਤੋਂ ਸਬੰਧੀ ਤਿੰਨ ਫ਼ਰਮਾਂ ਖ਼ਿਲਾਫ਼ ਮਾਮਲੇ ਦਰਜ ਹੋ ਚੁੱਕੇ ਹਨ।

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਂਦੇ ਹੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Exit mobile version