Google search engine
Home Sport ਮਹਿਲਾ ਟੀ-20 ਵਿਸ਼ਵ ਕੱਪ: ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ,...

ਮਹਿਲਾ ਟੀ-20 ਵਿਸ਼ਵ ਕੱਪ: ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, ਟੀਮ ਇੰਡੀਆ ਦਾ ਸਫ਼ਰ ਗਰੁੱਪ ਪੜਾਅ ‘ਚ ਹੀ ਖ਼ਤਮ

ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਅਹਿਮ ਮੁਕਾਬਲੇ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਲਾਰਡਜ਼ ਮੈਦਾਨ ਵਿੱਚ ਖੇਡੀ ਗਈ ਇਸ ਜਿੱਤ ਨਾਲ ਆਸਟਰੇਲੀਆ ਬਿਨਾਂ ਕੋਈ ਮੈਚ ਹਾਰੇ ਸੈਮੀਫਾਈਨਲ ਵਿੱਚ ਪਹੁੰਚ ਗਿਆ, ਜਦਕਿ ਭਾਰਤ ਦਾ ਵਿਸ਼ਵ ਕੱਪ ਸਫ਼ਰ ਗਰੁੱਪ ਪੜਾਅ ‘ਚ ਹੀ ਸਮਾਪਤ ਹੋ ਗਿਆ।

ਭਾਰਤ ਲਈ ਇਹ ਮੁਕਾਬਲਾ ‘ਕਰੋ ਜਾਂ ਮਰੋ’ ਵਾਲਾ ਸੀ, ਕਿਉਂਕਿ ਸੈਮੀਫਾਈਨਲ ਵਿੱਚ ਪਹੁੰਚਣ ਲਈ ਜਿੱਤ ਲਾਜ਼ਮੀ ਸੀ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਬੰਗਲਾਦੇਸ਼ ‘ਤੇ ਜਿੱਤ ਨੇ ਭਾਰਤ ਲਈ ਸਮੀਕਰਨ ਹੋਰ ਵੀ ਮੁਸ਼ਕਲ ਬਣਾ ਦਿੱਤੇ ਸਨ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ ‘ਤੇ 56 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਆਖ਼ਰੀ ਓਵਰ ਵਿੱਚ ਭਾਰਤ ਨੇ 23 ਦੌੜਾਂ ਜੋੜ ਕੇ ਆਸਟਰੇਲੀਆ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ।

ਜਵਾਬ ਵਿੱਚ ਆਸਟਰੇਲੀਆ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 19ਵੇਂ ਓਵਰ ਵਿੱਚ ਹੀ 4 ਵਿਕਟਾਂ ਗੁਆ ਕੇ 172 ਦੌੜਾਂ ਬਣਾ ਲਈਆਂ। ਐਲਿਸ ਪੈਰੀ ਅਤੇ ਐਸ਼ਲੇ ਗਾਰਡਨਰ ਨੇ ਚੌਥੀ ਵਿਕਟ ਲਈ 100 ਦੌੜਾਂ ਦੀ ਮੈਚ ਜਿਤਾਉਂਦੀ ਸਾਂਝੇਦਾਰੀ ਕਰਕੇ ਭਾਰਤ ਦੀਆਂ ਉਮੀਦਾਂ ਖਤਮ ਕਰ ਦਿੱਤੀਆਂ। ਇਹ ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਫ਼ਲ ਰਨ ਚੇਜ਼ ਵੀ ਬਣ ਗਿਆ।

ਭਾਰਤ ਲਈ ਰੇਣੂਕਾ ਸਿੰਘ ਠਾਕੁਰ ਨੇ ਪਹਿਲੇ ਹੀ ਓਵਰ ਵਿੱਚ ਵਿਕਟ ਲੈ ਕੇ ਚੰਗੀ ਸ਼ੁਰੂਆਤ ਦਿਵਾਈ, ਜਦਕਿ ਦੀਪਤੀ ਸ਼ਰਮਾ ਨੇ ਬੇਥ ਮੂਨੀ ਨੂੰ ਆਊਟ ਕਰਕੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 356 ਵਿਕਟਾਂ ਲੈਣ ਦਾ ਨਵਾਂ ਕੀਰਤੀਮਾਨ ਵੀ ਆਪਣੇ ਨਾਮ ਕੀਤਾ। ਹਾਲਾਂਕਿ ਇਹ ਉਪਲਬਧੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।

Exit mobile version