Google search engine
Home Punjab News ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤ ਜਮ੍ਹਾਂ,...

ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤ ਜਮ੍ਹਾਂ, CM ਮਾਨ ਨੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਕੀਤੀ ਸ਼ੁਰੂਆਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਵੱਕਾਰੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਰਸਮੀ ਆਗਾਜ਼ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪਾਰਟੀ ਵਰਕਰ ਹਾਜ਼ਰ ਰਹੇ।

ਸਰਕਾਰ ਵੱਲੋਂ ਯੋਜਨਾ ਦੀ ਸ਼ੁਰੂਆਤ ਨਾਲ ਹੀ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਪਹਿਲੀ ਇਕੱਠੀ ਕਿਸ਼ਤ ਜਮ੍ਹਾਂ ਕਰਵਾ ਦਿੱਤੀ ਗਈ। ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 3,000 ਰੁਪਏ (1,000 ਰੁਪਏ ਪ੍ਰਤੀ ਮਹੀਨਾ) ਅਤੇ ਅਨੁਸੂਚਿਤ ਜਾਤੀ (SC) ਦੀਆਂ ਮਹਿਲਾਵਾਂ ਨੂੰ 4,500 ਰੁਪਏ (1,500 ਰੁਪਏ ਪ੍ਰਤੀ ਮਹੀਨਾ) ਮਿਲੇ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਲਈ ਸੂਬੇ ਭਰ ਵਿੱਚ ਲਗਭਗ 40 ਲੱਖ ਮਹਿਲਾਵਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਸਰਕਾਰ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਬਣਾਉਣਾ ਹੈ।

ਸਮਾਰੋਹ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ‘ਆਪ’ ਦੇ ਇੰਚਾਰਜ ਅਮਨ ਅਰੋੜਾ, ਡਾ. ਗੁਰਪ੍ਰੀਤ ਕੌਰ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ। ਪ੍ਰੋਗਰਾਮ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ SIR (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਮੁਹਿੰਮ ਤਹਿਤ ਵੋਟਰ ਅਨੁਮਰੇਸ਼ਨ ਪ੍ਰਕਿਰਿਆ ਵਿੱਚ ਵੀ ਹਿੱਸਾ ਲਿਆ।

ਖਾਤਿਆਂ ਵਿੱਚ ਰਕਮ ਪਹੁੰਚਣ ਤੋਂ ਬਾਅਦ ਲਾਭਪਾਤਰੀ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਧੂਰੀ ਦੀ ਚਰਨਪ੍ਰੀਤ ਕੌਰ ਨੇ ਆਪਣੇ ਮੋਬਾਈਲ ‘ਤੇ ਆਇਆ ਬੈਂਕ ਮੈਸੇਜ ਦਿਖਾ ਕੇ ਖੁਸ਼ੀ ਜਤਾਈ। ਵਿਦਿਆਰਥਣ ਪੂਜਾ ਸਿੰਘਲ ਨੇ ਕਿਹਾ ਕਿ ਇਹ ਰਕਮ ਉਸ ਦੀ ਪੜ੍ਹਾਈ ਦੇ ਵਾਧੂ ਖਰਚਿਆਂ ਵਿੱਚ ਮਦਦਗਾਰ ਸਾਬਤ ਹੋਵੇਗੀ। ਸੰਗਰੂਰ ਦੀ ਬਜ਼ੁਰਗ ਸਰਬਜੀਤ ਕੌਰ ਨੇ ਕਿਹਾ ਕਿ ਹੁਣ ਉਹ ਆਪਣੇ ਨਿੱਜੀ ਖਰਚਿਆਂ ਲਈ ਕਿਸੇ ‘ਤੇ ਨਿਰਭਰ ਨਹੀਂ ਰਹੇਗੀ ਅਤੇ ਆਪਣੀ ਮਰਜ਼ੀ ਨਾਲ ਪੈਸੇ ਵਰਤ ਸਕੇਗੀ।

ਇਸ ਦੌਰਾਨ ਸਿਆਸੀ ਪੱਖੋਂ ਵੀ ਅਹਿਮ ਘਟਨਾ ਸਾਹਮਣੇ ਆਈ। ਧੂਰੀ ਦੇ ਪ੍ਰੋਗਰਾਮ ਤੋਂ ਬਾਅਦ ਪਾਤੜਾਂ ਵਿੱਚ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਕਰਨ ਸਿੰਘ ਡੀ.ਟੀ.ਓ. ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਸਾਬਕਾ ਅਕਾਲੀ ਵਿਧਾਇਕਾ ਵਰਿੰਦਰ ਕੌਰ ਲੂਮਬਾ ਦੇ ਪਤੀ ਹਨ। ਪਾਰਟੀ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵਿੱਚ ਸਾਬਕਾ ਅਕਾਲੀ ਆਗੂ ਅਤੇ ਮੌਜੂਦਾ ‘ਆਪ’ ਨੇਤਾ ਸੁਰਜੀਤ ਸਿੰਘ ਰੱਖੜਾ ਦੀ ਅਹਿਮ ਭੂਮਿਕਾ ਰਹੀ।

Exit mobile version