ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 32 ਵਿੱਚ ਮਿਸਰ ਨੇ ਰੋਮਾਂਚਕ ਮੁਕਾਬਲੇ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਆਖਰੀ-16 ਵਿੱਚ ਜਗ੍ਹਾ ਬਣਾ ਲਈ ਹੈ।
ਮੈਚ ਦੀ ਸ਼ੁਰੂਆਤ ਤੋਂ ਹੀ ਮਿਸਰ ਨੇ ਹਮਲਾਵਰ ਖੇਡ ਦਿਖਾਈ ਅਤੇ ਪਹਿਲੇ ਹਾਫ਼ ਦੇ 13ਵੇਂ ਮਿੰਟ ਵਿੱਚ ਇਮਾਮ ਅਸ਼ੂਰ ਨੇ ਕਰੀਮ ਹਾਫੇਜ਼ ਦੇ ਸ਼ਾਨਦਾਰ ਕਰਾਸ ਨੂੰ ਹੈਡਰ ਰਾਹੀਂ ਗੋਲ ਵਿੱਚ ਬਦਲ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਹਾਫ਼ ਟਾਈਮ ਤੱਕ ਮਿਸਰ ਇਸੇ ਸਕੋਰ ਨਾਲ ਅੱਗੇ ਰਿਹਾ।
ਦੂਜੇ ਹਾਫ਼ ਵਿੱਚ ਆਸਟ੍ਰੇਲੀਆ ਨੇ ਵਾਪਸੀ ਕਰਦਿਆਂ ਬਰਾਬਰੀ ਦਾ ਗੋਲ ਕੀਤਾ ਅਤੇ ਨਿਰਧਾਰਿਤ ਸਮਾਂ 1-1 ਨਾਲ ਖ਼ਤਮ ਹੋਇਆ। ਇਸ ਤੋਂ ਬਾਅਦ ਮਿਲੇ 30 ਮਿੰਟ ਦੇ ਵਾਧੂ ਸਮੇਂ ਦੌਰਾਨ ਵੀ ਕੋਈ ਟੀਮ ਫੈਸਲਾਕੁੰਨ ਗੋਲ ਨਾ ਕਰ ਸਕੀ, ਜਿਸ ਕਾਰਨ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਨਿਕਲਿਆ।
ਪੈਨਲਟੀ ਸ਼ੂਟਆਊਟ ਵਿੱਚ ਮਿਸਰ ਨੇ ਆਪਣੀਆਂ ਚਾਰੋਂ ਪੈਨਲਟੀਆਂ ਨੂੰ ਗੋਲ ਵਿੱਚ ਬਦਲ ਦਿੱਤਾ, ਜਦਕਿ ਆਸਟ੍ਰੇਲੀਆ ਸਿਰਫ਼ ਦੋ ਹੀ ਪੈਨਲਟੀਆਂ ਨੂੰ ਗੋਲ ਵਿੱਚ ਤਬਦੀਲ ਕਰ ਸਕਿਆ। ਇਸ ਤਰ੍ਹਾਂ ਮਿਸਰ ਨੇ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਅਗਲੇ ਗੇੜ ਲਈ ਕੁਆਲੀਫਾਈ ਕਰ ਲਿਆ।
ਮਿਸਰ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ ਸਟਾਰ ਫਾਰਵਰਡ ਮੁਹੰਮਦ ਸਲਾਹ ਦੀ ਵਾਪਸੀ ਰਹੀ। ਸੱਟ ਤੋਂ ਉਭਰਨ ਮਗਰੋਂ ਸਲਾਹ ਨੇ ਸ਼ੁਰੂਆਤੀ ਟੀਮ ਵਿੱਚ ਵਾਪਸੀ ਕੀਤੀ ਅਤੇ ਇਮਾਮ ਅਸ਼ੂਰ ਅਤੇ ਓਮਰ ਮਾਰਮੂਸ਼ ਨਾਲ ਮਿਲ ਕੇ ਆਸਟ੍ਰੇਲੀਆਈ ਰੱਖਿਆ ‘ਤੇ ਲਗਾਤਾਰ ਦਬਾਅ ਬਣਾਇਆ।
ਹੁਣ ਮਿਸਰ ਦਾ ਅਗਲਾ ਮੁਕਾਬਲਾ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਕੇਪ ਵਰਡੇ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।
