ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ ਦੌਰਾਨ ਤਹਿਰਾਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਸਮਾਗਮ ਦੌਰਾਨ ਇੱਕ ਕਵੀ ਵੱਲੋਂ ਕੀਤੀ ਗਈ ਭੜਕਾਊ ਟਿੱਪਣੀ ਤੋਂ ਬਾਅਦ ਭੀੜ ਵਿੱਚੋਂ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਹੋਈ, ਜਿਸ ਕਾਰਨ ਇਹ ਘਟਨਾ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਵੀ ਮੁਹੰਮਦ ਰਸੂਲੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਭੜਕਾਊ ਬਿਆਨ ਦਿੱਤਾ, ਜਿਸ ਤੋਂ ਬਾਅਦ ਮੌਜੂਦ ਭੀੜ ਨੇ “ਅਮਰੀਕਾ ਮੁਰਦਾਬਾਦ” ਅਤੇ “ਇਜ਼ਰਾਈਲ ਮੁਰਦਾਬਾਦ” ਦੇ ਨਾਅਰੇ ਲਗਾਏ। ਸਮਾਗਮ ਵਿੱਚ ਸ਼ਾਮਲ ਕਈ ਲੋਕਾਂ ਦੇ ਹੱਥਾਂ ਵਿੱਚ ਅਜਿਹੇ ਬੈਨਰ ਵੀ ਸਨ, ਜਿਨ੍ਹਾਂ ‘ਤੇ ਟਰੰਪ ਵਿਰੁੱਧ ਭੜਕਾਊ ਨਾਅਰੇ ਲਿਖੇ ਹੋਏ ਸਨ।
ਜੰਗ ਕਾਰਨ ਦੇਰੀ ਨਾਲ ਹੋਏ ਇਸ ਅੰਤਿਮ ਸੰਸਕਾਰ ਵਿੱਚ ਲੱਖਾਂ ਸੋਗਵਾਰਾਂ ਨੇ ਹਿੱਸਾ ਲਿਆ। ਕਾਲੇ ਕੱਪੜਿਆਂ ਵਿੱਚ ਸ਼ਾਮਲ ਲੋਕਾਂ ਨੇ ਖ਼ਮੇਨੇਈ ਨੂੰ ਸ਼ਰਧਾਂਜਲੀ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਪੈਦਲ ਮਾਰਚ ਕਰਦੇ ਹੋਏ ਸਮਾਗਮ ਵਾਲੀ ਥਾਂ ਤੱਕ ਪਹੁੰਚੇ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਜਨਤਕ ਇਕੱਠ ਨਾਲ ਇਰਾਨ ਦੀ ਧਾਰਮਿਕ ਲੀਡਰਸ਼ਿਪ ਨੂੰ ਲੋਕ ਸਮਰਥਨ ਦਾ ਸੰਦੇਸ਼ ਦੇਣ ਵਿੱਚ ਮਦਦ ਮਿਲ ਸਕਦੀ ਹੈ। ਨਾਲ ਹੀ, ਖ਼ਮੇਨੇਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੋਜਤਬਾ ਖ਼ਮੇਨੇਈ ਦੀ ਸਥਿਤੀ ਵੀ ਇਸ ਨਾਲ ਹੋਰ ਮਜ਼ਬੂਤ ਹੋ ਸਕਦੀ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਤੋਂ ਬਾਅਦ ਦੀ ਸਥਿਤੀ ਨੂੰ ਲੈ ਕੇ ਕੂਟਨੀਤਿਕ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਹੀ ਹਰਮੁਜ਼ ਜਲਡਮਰੂ ਦੀ ਰਣਨੀਤਿਕ ਮਹੱਤਤਾ ਅਤੇ ਖੇਤਰ ਵਿੱਚ ਦੁਬਾਰਾ ਟਕਰਾਅ ਦੀ ਸੰਭਾਵਨਾ ਨੂੰ ਲੈ ਕੇ ਵੀ ਚਿੰਤਾਵਾਂ ਬਣੀਆਂ ਹੋਈਆਂ ਹਨ।
