HomePunjab Newsਬੇਰੁਜ਼ਗਾਰ ਅਧਿਆਪਕਾਂ ਦੀ ਗ੍ਰਿਫ਼ਤਾਰੀ 'ਤੇ DTF ਦਾ ਵਿਰੋਧ, 5 ਮਹਿਲਾਵਾਂ ਸਮੇਤ 12...

ਬੇਰੁਜ਼ਗਾਰ ਅਧਿਆਪਕਾਂ ਦੀ ਗ੍ਰਿਫ਼ਤਾਰੀ ‘ਤੇ DTF ਦਾ ਵਿਰੋਧ, 5 ਮਹਿਲਾਵਾਂ ਸਮੇਤ 12 ਆਗੂਆਂ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਸੰਗਰੂਰ ਇਕਾਈ ਨੇ 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੂਨੀਅਨ ਨਾਲ ਸਬੰਧਤ ਆਗੂਆਂ ਦੀ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਗਏ 12 ਆਗੂਆਂ ਵਿੱਚ 5 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।

ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ 5994 ਬੈਕਲਾਗ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਵਾਉਣ ਅਤੇ ਮੈਰਿਟ ਅਨੁਸਾਰ ਨਿਯੁਕਤੀ ਪੱਤਰ ਜਾਰੀ ਕਰਨ ਲਈ ਯੂਨੀਅਨ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਨੇ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਭਰਤੀ ਪ੍ਰਕਿਰਿਆ ਨੂੰ ਅਜੇ ਤੱਕ ਮੁਕੰਮਲ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਸਰਕਾਰੀ ਬੇਰੁਖ਼ੀ ਤੋਂ ਨਾਰਾਜ਼ ਇੱਕ ਬੇਰੁਜ਼ਗਾਰ ਉਮੀਦਵਾਰ ਹਰਜੀਤ ਸਿੰਘ ਪਿਛਲੇ ਮਹੀਨੇ ਤੋਂ ਧੂਰੀ ਵਿੱਚ ਟੈਲੀਫੋਨ ਟਾਵਰ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੌਰਾਨ 3 ਜੁਲਾਈ ਨੂੰ ਸੰਗਰੂਰ ਵਿੱਚ ਸਿੱਖਿਆ ਮੰਤਰੀ ਦੇ ਦੌਰੇ ਸਮੇਂ ਕੀਤੇ ਗਏ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੁਲਿਸ ਨੇ 8 ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਧੂਰੀ ਵਿਖੇ ਚੱਲ ਰਹੇ ਟਾਵਰ ਮੋਰਚੇ ਦੇ ਹੇਠੋਂ 12 ਹੋਰ ਆਗੂਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ 5 ਮਹਿਲਾ ਉਮੀਦਵਾਰ ਸ਼ਾਮਲ ਹਨ।

ਡੀ.ਟੀ.ਐੱਫ. ਨੇ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਸੰਘਰਸ਼ਾਂ ਨੂੰ ਦਬਾਉਣ ਦੀ ਬਜਾਏ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਗ੍ਰਿਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਕੇ ਭਰਤੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕੀਤਾ ਜਾਵੇ।

ਇਸ ਮੌਕੇ ਯਾਦਵਿੰਦਰ ਧੂਰੀ, ਚੰਦਰ ਸ਼ੇਖਰ, ਰਵਿੰਦਰ ਸੁਨਾਮ, ਜਗਦੀਪ ਸਿੰਘ, ਮਹਿੰਦਰ ਪ੍ਰਤਾਪ, ਗੁਰਪ੍ਰੀਤ ਪਸ਼ੌਰ, ਗੁਰਮੀਤ ਸੇਖੂਵਾਸ, ਰਣਵੀਰ ਜਖੇਪਲ, ਪਵਨ ਕੁਮਾਰ, ਸਾਬਕਾ ਸੂਬਾ ਸਕੱਤਰ ਬਲਵੀਰ ਲੌਂਗੋਵਾਲ ਅਤੇ ਸੀਨੀਅਰ ਆਗੂ ਜਗਦੇਵ ਵਰਮਾ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments