Google search engine
Home Canada ਬੀ.ਸੀ. ਦੇ ਨਰਸਾਂ ਦੀਆਂ ਮੰਗਾਂ ਦੇ ਹੱਕ ਵਿੱਚ ਡਟੇ ਐਮ ਐਲ ਏ...

ਬੀ.ਸੀ. ਦੇ ਨਰਸਾਂ ਦੀਆਂ ਮੰਗਾਂ ਦੇ ਹੱਕ ਵਿੱਚ ਡਟੇ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ

ਸਟਾਫ਼ ਦੀ ਘਾਟ ਤੇ ਕੰਮਕਾਜੀ ਸੁਰੱਖਿਆ ਲਈ ਕੀਤੀ ਠੋਸ ਕਾਰਵਾਈ ਦੀ ਮੰਗ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ ) — ਸਰੀ ਨਾਰਥ ਤੋਂ ਕੰਜ਼ਰਵੇਟਿਵ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਨਰਸਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਸੂਬੇ ਦੀਆਂ ਫਰੰਟਲਾਈਨ ਸਿਹਤ ਕਰਮਚਾਰੀਆਂ ਨੂੰ ਸੁਰੱਖਿਅਤ ਕੰਮਕਾਜੀ ਮਾਹੌਲ, ਲੋੜੀਂਦਾ ਸਟਾਫ਼ ਅਤੇ ਉਹ ਹਰ ਤਰ੍ਹਾਂ ਦਾ ਸਹਿਯੋਗ ਮਿਲਣਾ ਚਾਹੀਦਾ ਹੈ ਜਿਸ ਨਾਲ ਉਹ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਣ।

ਮਨਦੀਪ ਸਿੰਘ ਧਾਲੀਵਾਲ ਨੇ ਕਿਹਾ, “ਕੱਲ੍ਹ ਮੈਂ ਬੀ.ਸੀ. ਨਰਸਜ਼ ਰੈਲੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਉਨ੍ਹਾਂ ਦੇ ਨਾਲ ਆਪਣਾ ਸਮਰਥਨ ਪ੍ਰਗਟਾਇਆ।”

ਰੈਲੀ ਦੌਰਾਨ ਨਰਸਾਂ ਨੇ ਸੁਰੱਖਿਅਤ ਨਰਸ-ਮਰੀਜ਼ ਅਨੁਪਾਤ, ਲੰਬੇ ਸਮੇਂ ਤੋਂ ਚੱਲ ਰਹੀ ਸਟਾਫ਼ ਦੀ ਘਾਟ, ਕੰਮਕਾਜ ਵਾਲੀਆਂ ਥਾਵਾਂ ‘ਤੇ ਵੱਧ ਰਹੀ ਹਿੰਸਾ, ਨਰਸਾਂ ਨੂੰ ਨੌਕਰੀ ਵਿੱਚ ਬਣਾਈ ਰੱਖਣ, ਤਨਖ਼ਾਹਾਂ ਅਤੇ ਭੱਤਿਆਂ ਵਿੱਚ ਸੁਧਾਰ ਅਤੇ ਸੁਰੱਖਿਅਤ ਕੰਮਕਾਜੀ ਹਾਲਾਤਾਂ ਵਰਗੇ ਅਹਿਮ ਮੁੱਦੇ ਉਠਾਏ।

ਧਾਲੀਵਾਲ ਨੇ ਕਿਹਾ ਕਿ “ਸਾਡੀਆਂ ਨਰਸਾਂ ਅਜਿਹੇ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਵਿੱਚ ਕੰਮ ਕਰਨ ਦੀ ਹੱਕਦਾਰ ਹਨ, ਜਿੱਥੇ ਉਹ ਮਰੀਜ਼ਾਂ ਦੀ ਸਭ ਤੋਂ ਵਧੀਆ ਦੇਖਭਾਲ ਕਰ ਸਕਣ। ਫਰੰਟਲਾਈਨ ਕਰਮਚਾਰੀਆਂ ਦਾ ਸਾਥ ਦੇਣਾ, ਦਰਅਸਲ ਬ੍ਰਿਟਿਸ਼ ਕੋਲੰਬੀਆ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਦਾ ਸਾਥ ਦੇਣਾ ਹੈ।”

ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਬੀ.ਸੀ. ਨਰਸਜ਼ ਯੂਨੀਅਨ ਅਤੇ ਸੂਬਾਈ ਸਰਕਾਰ ਵਿਚਾਲੇ ਨਵੇਂ ਸਮਝੌਤੇ ਲਈ ਗੱਲਬਾਤ ਜਾਰੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਗੱਲਬਾਤ ਵਿੱਚ ਮਦਦ ਲਈ ਵਿਸ਼ੇਸ਼ ਮੱਧਸਥਾਂ ਦੀ ਨਿਯੁਕਤੀ ਤਦ ਹੀ ਸਾਰਥਕ ਹੋਵੇਗੀ ਜੇਕਰ ਨਰਸਾਂ ਦੀਆਂ ਮੁੱਖ ਮੰਗਾਂ ‘ਤੇ ਠੋਸ ਤਰੱਕੀ ਹੋਵੇ।

ਯੂਨੀਅਨ ਦਾ ਮੰਨਣਾ ਹੈ ਕਿ ਸਟਾਫ਼ ਦੀ ਘਾਟ ਨੂੰ ਦੂਰ ਕਰਨ, ਕੰਮਕਾਜੀ ਸੁਰੱਖਿਆ ਯਕੀਨੀ ਬਣਾਉਣ ਅਤੇ ਤਨਖ਼ਾਹਾਂ ਤੇ ਹੋਰ ਲਾਭਾਂ ਵਿੱਚ ਸੁਧਾਰ ਲਈ ਪ੍ਰਭਾਵਸ਼ਾਲੀ ਕਦਮ ਚੁੱਕਣਾ ਨਰਸਾਂ ਨੂੰ ਪੇਸ਼ੇ ਵਿੱਚ ਬਣਾਈ ਰੱਖਣ, ਮਰੀਜ਼ਾਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਉਣ ਅਤੇ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ।

Exit mobile version