ਸ੍ਰੀ ਆਨੰਦਪੁਰ ਸਾਹਿਬ: ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅਗਮਪੁਰ ਸਥਿਤ ਸਰਕਾਰੀ ਆਈ.ਟੀ.ਆਈ. ਦੇ ਪਿਛਲੇ ਪਾਸੇ ਬਣਾਈ ਗਈ ਟੈਂਟ ਸਿਟੀ ਵਿੱਚ ਅਚਾਨਕ ਅੱਗ ਲੱਗਣ ਕਾਰਨ 13 ਟੈਂਟ ਸੜ ਕੇ ਸੁਆਹ ਹੋ ਗਏ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਵੇਲੇ ਟੈਂਟਾਂ ਵਿੱਚ ਠਹਿਰੇ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਚੁੱਕੇ ਸਨ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਅੱਗ ਕਾਰਨ ਟੈਂਟਾਂ ਅਤੇ ਹੋਰ ਸਾਮਾਨ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਟੈਂਟ ਸਿਟੀ ਵਿੱਚ ਮੌਜੂਦ ਕਰਮਚਾਰੀਆਂ ਨੇ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ 13 ਟੈਂਟ ਪੂਰੀ ਤਰ੍ਹਾਂ ਸੜ ਚੁੱਕੇ ਸਨ।
ਘਟਨਾ ਦੀ ਸੂਚਨਾ ਮਿਲਣ ‘ਤੇ ਐੱਸ.ਡੀ.ਐੱਮ. ਸੁਖਪਾਲ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸ.ਡੀ.ਐੱਮ. ਸੁਖਪਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਜੋ ਜਲਦ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਟੈਂਟ ਸਿਟੀ ਵਿੱਚ ਤਾਇਨਾਤ ਸਟਾਫ਼ ਨੂੰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਅਤੇ ਸਾਰੀਆਂ ਵਿਵਸਥਾਵਾਂ ਦੀ ਮੁੜ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਦੁਬਾਰਾ ਨਾ ਵਾਪਰੇ।




