ਹਾਂਗਕਾਂਗ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਨੂੰ ਭਰੋਸਾ ਦਿਵਾਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਮਰਯਾਦਾ ਅਨੁਸਾਰ ਭੇਜਣ ਦੀ ਪ੍ਰਣਾਲੀ ਨੂੰ ਹੋਰ ਸੁਖਾਲਾ ਅਤੇ ਸੁਚਾਰੂ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਪੰਥ ਨਾਲ ਵਿਚਾਰ-ਵਟਾਂਦਰਾ ਕਰਕੇ ਢੁੱਕਵੇਂ ਕਦਮ ਚੁੱਕੇ ਜਾਣਗੇ।
ਉਹ ਇਨ੍ਹੀਂ ਦਿਨੀਂ ਹਾਂਗਕਾਂਗ ਦੌਰੇ ‘ਤੇ ਹਨ, ਜਿੱਥੇ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜਥੇਦਾਰ ਗੜਗੱਜ ਨੇ ਸੰਗਤ ਨੂੰ ਕੌਮੀ ਹਿੱਤਾਂ ਲਈ ਸਰਗਰਮ ਰਹਿਣ, ਪੰਥ ਅਤੇ ਪੰਜਾਬ ਨਾਲ ਆਪਣਾ ਨਾਤਾ ਮਜ਼ਬੂਤ ਬਣਾਈ ਰੱਖਣ, ਨਵੀਂ ਪੀੜ੍ਹੀ ਨੂੰ ਸਿੱਖੀ ਅਤੇ ਮਾਂ-ਬੋਲੀ ਗੁਰਮੁਖੀ ਪੰਜਾਬੀ ਨਾਲ ਜੋੜਨ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਗ੍ਰੰਥੀ ਰਹੇ ਗਿਆਨੀ ਨੰਦ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ, ਜੋ ਵਿਸ਼ਵ ਯੁੱਧ ਦੌਰਾਨ ਗੁਰੂ ਘਰ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਸਨ। ਜਥੇਦਾਰ ਗੜਗੱਜ ਨੇ ਦੇਸ਼-ਵਿਦੇਸ਼ ਵਿੱਚ ਵੱਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਖ਼ਾਲਸਾ ਦੀਵਾਨ ਹਾਂਗਕਾਂਗ ਦਾ ਇਤਿਹਾਸਕ ਯੋਗਦਾਨ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੰਨ 1901 ਵਿੱਚ ਇੱਥੇ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਹੋਈ ਸੀ। ਇਸ ਧਰਤੀ ਨਾਲ ਕਾਮਾਗਾਟਾਮਾਰੂ ਅੰਦੋਲਨ ਦੇ ਆਗੂ ਬਾਬਾ ਗੁਰਦਿੱਤ ਸਿੰਘ, ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਗ਼ਦਰੀ ਬਾਬਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਸੰਨ 1903 ਵਿੱਚ 33ਵੀਂ ਬਰਮਾ ਇਨਫੈਂਟਰੀ ਦੇ ਸਿੱਖ ਫ਼ੌਜੀਆਂ ਨੇ ਗੁਰੂ ਘਰ ਦੀ ਥਾਂ ‘ਤੇ ਮਿੱਠੇ ਜਲ ਦਾ ਖੂਹ ਤਿਆਰ ਕੀਤਾ ਸੀ, ਜੋ ਅੱਜ ਵੀ ਮੌਜੂਦ ਹੈ। ਉਨ੍ਹਾਂ ਹਾਂਗਕਾਂਗ ਦੀ ਸੰਗਤ ਨੂੰ ਆਪਣੀ ਸਿੱਖ ਵਿਰਾਸਤ ਅਤੇ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਗੜਗੱਜ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਦੇ ਨਵੇਂ ਕਾਨੂੰਨ ਕਾਰਨ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਸਸਕਾਰ ਲਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਭੇਜਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇਹ ਸੇਵਾ ਰਾਗੀ ਜਥਿਆਂ ਰਾਹੀਂ ਹੁੰਦੀ ਸੀ, ਪਰ ਨਵੇਂ ਕਾਨੂੰਨੀ ਪ੍ਰਬੰਧਾਂ ਦੇ ਡਰ ਕਾਰਨ ਹੁਣ ਰਾਗੀ ਜਥੇ ਇਸ ਕੰਮ ਤੋਂ ਹਿਚਕਚਾ ਰਹੇ ਹਨ।
ਇਸ ਸਬੰਧੀ ਜਥੇਦਾਰ ਗੜਗੱਜ ਨੇ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਅਤੇ ਪੋਥੀਆਂ ਦਾ ਪੂਰਾ ਰਿਕਾਰਡ ਤਿਆਰ ਕਰਕੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਜਾਵੇ ਅਤੇ ਉਸ ਤੋਂ ਬਾਅਦ ਮਰਯਾਦਾ ਅਨੁਸਾਰ ਇਹ ਕਾਰਜ ਕੀਤਾ ਜਾਵੇ। ਉਨ੍ਹਾਂ ਸੰਗਤ ਨੂੰ ਗੁਰਦੁਆਰਾ ਸਾਹਿਬ ਨਾਲ ਨਿਰੰਤਰ ਜੁੜੇ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ।
ਇਸ ਦੌਰਾਨ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਮਾਮਲਾ ਵੀ ਉਠਾਇਆ ਗਿਆ। ਇਸ ‘ਤੇ ਜਥੇਦਾਰ ਗੜਗੱਜ ਨੇ ਭਰੋਸਾ ਦਿਵਾਇਆ ਕਿ ਪੰਥ ਦੀ ਸਲਾਹ ਨਾਲ ਅਜਿਹੀ ਪ੍ਰਣਾਲੀ ਤਿਆਰ ਕੀਤੀ ਜਾਵੇਗੀ, ਜਿਸ ਨਾਲ ਮਰਯਾਦਾ ਨੂੰ ਬਰਕਰਾਰ ਰੱਖਦਿਆਂ ਵਿਦੇਸ਼ੀ ਸੰਗਤ ਤੱਕ ਪਾਵਨ ਸਰੂਪ ਸੁਚੱਜੇ ਢੰਗ ਨਾਲ ਪਹੁੰਚਾਏ ਜਾ ਸਕਣ।




