HomeGlobalਅਮਰੀਕੀ ਹਵਾਈ ਫੌਜ ਦੀ ਅਕੈਡਮੀ ਵਿੱਚ ਇਤਿਹਾਸ ਰਚਿਆ ਚਿਰਾਗ ਵੀਰ ਸਿੰਘ ਸਰਾਓ...

ਅਮਰੀਕੀ ਹਵਾਈ ਫੌਜ ਦੀ ਅਕੈਡਮੀ ਵਿੱਚ ਇਤਿਹਾਸ ਰਚਿਆ ਚਿਰਾਗ ਵੀਰ ਸਿੰਘ ਸਰਾਓ ਨੇ; ਪਹਿਲੇ ਕੇਸਧਾਰੀ ਸਿੱਖ ਕੈਡੇਟ ਵਜੋਂ ਮਿਲੀ ਐਂਟਰੀ

ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਨੇ ਇਤਿਹਾਸ ਰਚਦਿਆਂ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ਯੂ.ਐੱਸ. ਏਅਰ ਫੋਰਸ ਅਕੈਡਮੀ (USAFA) ਵਿੱਚ ਦਾਖ਼ਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਇਤਿਹਾਸਕ ਪ੍ਰਾਪਤੀ ਦੀ ਪੁਸ਼ਟੀ ਅਮਰੀਕਨ ਸਿੱਖ ਕੌਂਸਲ ਵੱਲੋਂ ਅਧਿਕਾਰਤ ਤੌਰ ‘ਤੇ ਕੀਤੀ ਗਈ ਹੈ।

ਕੌਂਸਲ ਮੁਤਾਬਕ ਚਿਰਾਗ ਵੀਰ ਸਿੰਘ ਸਰਾਓ ਨੂੰ 4 ਅਪਰੈਲ ਨੂੰ ਅਕੈਡਮੀ ਲਈ ਨਿਯੁਕਤ ਕੀਤਾ ਗਿਆ ਸੀ। ਲੰਬੀ ਪ੍ਰਸ਼ਾਸਕੀ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ਧਾਰਮਿਕ ਛੋਟ (Religious Accommodation) ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਉਹ ਆਪਣੇ ਕੇਸ, ਦਾੜ੍ਹੀ ਅਤੇ ਹੋਰ ਸਿੱਖ ਧਾਰਮਿਕ ਚਿੰਨ੍ਹਾਂ ਨੂੰ ਬਰਕਰਾਰ ਰੱਖਦੇ ਹੋਏ ਅਮਰੀਕੀ ਹਵਾਈ ਫੌਜ ਵਿੱਚ ਸੇਵਾ ਨਿਭਾ ਸਕਣਗੇ, ਜੋ ਧਾਰਮਿਕ ਆਜ਼ਾਦੀ ਅਤੇ ਸਮਾਨ ਮੌਕਿਆਂ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਚਿਰਾਗ ਵੀਰ ਸਿੰਘ ਸਰਾਓ ਨੇ 24 ਜੂਨ ਨੂੰ ਅਕੈਡਮੀ ਦੇ ਇਨ-ਪ੍ਰੋਸੈਸਿੰਗ ਡੇ (I-Day) ਮੌਕੇ ਅਧਿਕਾਰਤ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਵੇਲੇ ਉਹ ਛੇ ਹਫ਼ਤਿਆਂ ਦੀ ਸਖ਼ਤ ਮਿਲਟਰੀ ਸਿਖਲਾਈ ਵਿੱਚ ਹਿੱਸਾ ਲੈ ਰਹੇ ਹਨ, ਜੋ ਹਰ ਨਵੇਂ ਕੈਡੇਟ ਲਈ ਲਾਜ਼ਮੀ ਹੁੰਦੀ ਹੈ ਅਤੇ ਜਿਸ ਰਾਹੀਂ ਉਨ੍ਹਾਂ ਨੂੰ ਫੌਜੀ ਅਨੁਸ਼ਾਸਨ, ਲੀਡਰਸ਼ਿਪ ਅਤੇ ਸਰੀਰਕ ਤੰਦਰੁਸਤੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਯੂ.ਐੱਸ. ਏਅਰ ਫੋਰਸ ਅਕੈਡਮੀ ਵਿੱਚ ਚੋਣ ਤੋਂ ਪਹਿਲਾਂ ਵੀ ਚਿਰਾਗ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਨੂੰ ਏਅਰ ਫੋਰਸ ਰਿਜ਼ਰਵ ਅਫਸਰਸ ਟ੍ਰੇਨਿੰਗ ਕੋਰ (ROTC) ਅਤੇ ਨੇਵਲ ROTC ਦੋਵਾਂ ਵੱਲੋਂ ਪੂਰੀ ਸਕਾਲਰਸ਼ਿਪ ਦੀ ਪੇਸ਼ਕਸ਼ ਮਿਲੀ ਸੀ। ਇਸ ਤੋਂ ਇਲਾਵਾ ਅਮਰੀਕਾ ਦੀਆਂ ਨਾਮਵਰ ਸੰਸਥਾਵਾਂ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵੱਲੋਂ ਵੀ ਉਨ੍ਹਾਂ ਨੂੰ ਦਾਖ਼ਲੇ ਦੀ ਪੇਸ਼ਕਸ਼ ਕੀਤੀ ਗਈ ਸੀ।

ਅਮਰੀਕਨ ਸਿੱਖ ਕੌਂਸਲ ਨੇ ਚਿਰਾਗ ਦੀਆਂ ਹੋਰ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ। ਉਹ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ ਅਤੇ ਲੀਡਰਸ਼ਿਪ ਗਤੀਵਿਧੀਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹੇ ਹਨ। ਉਹ ਸਕਾਊਟਿੰਗ ਦੇ ਸਰਵਉੱਚ ਸਨਮਾਨ ਈਗਲ ਸਕਾਊਟ ਹਾਸਲ ਕਰ ਚੁੱਕੇ ਹਨ, ਤਾਇਕਵਾਂਡੋ ਵਿੱਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਦੀ ਨੁਮਾਇੰਦਗੀ ਵੀ ਕਰਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਕੋਲੋਰੈਡੋ ਸਪ੍ਰਿੰਗਜ਼ ਵਿੱਚ ਸਥਿਤ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ ਅਮਰੀਕਾ ਦੀਆਂ ਪੰਜ ਪ੍ਰਮੁੱਖ ਸੰਘੀ ਸੇਵਾ ਅਕੈਡਮੀਆਂ ਵਿੱਚੋਂ ਇੱਕ ਹੈ। ਇੱਥੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ ਮਿਲਟਰੀ ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੇ ਕੈਡੇਟਾਂ ਨੂੰ ਸਿੱਧੇ ਅਮਰੀਕੀ ਹਵਾਈ ਫੌਜ (US Air Force) ਜਾਂ ਅਮਰੀਕੀ ਸਪੇਸ ਫੋਰਸ (US Space Force) ਵਿੱਚ ਸੈਕੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments