Google search engine
Home Punjab News ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਜਾਰੀ, ਹਾਈਕਮਾਂਡ ਨੇ ਰਾਜਾ ਵੜਿੰਗ ‘ਤੇ ਜਤਾਇਆ...

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਜਾਰੀ, ਹਾਈਕਮਾਂਡ ਨੇ ਰਾਜਾ ਵੜਿੰਗ ‘ਤੇ ਜਤਾਇਆ ਭਰੋਸਾ; ਚੰਨੀ ਧੜੇ ਦੀਆਂ ਅਪਤੀਆਂ ਬਰਕਰਾਰ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਗੁਟਬਾਜ਼ੀ ਦਰਮਿਆਨ ਪਾਰਟੀ ਹਾਈਕਮਾਂਡ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦਾ ਫ਼ਿਲਹਾਲ ਕੋਈ ਇਰਾਦਾ ਨਹੀਂ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।

ਸੂਤਰਾਂ ਮੁਤਾਬਕ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੰਨੀ ਵੱਲੋਂ ਮੰਗੇ ਗਏ ਮੁਲਾਕਾਤ ਦੇ ਸਮੇਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਇਹ ਸਥਿਤੀ ਉਸ ਵੇਲੇ ਸਾਹਮਣੇ ਆਈ ਜਦੋਂ ਚੰਨੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨਾਲ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਇਸ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਦੀ ਅਗਵਾਈ ਹੇਠ ਪਾਰਟੀ ਮੁੱਖ ਦਫ਼ਤਰ ਇੰਦਰਾ ਭਵਨ ਵਿੱਚ ਪੰਜਾਬ ਦੇ ਸੀਨੀਅਰ ਆਗੂਆਂ ਦੀ ਬੈਠਕ ਹੋਈ। ਇਸ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ ਅਤੇ ਸੂਬਾ ਇਕਾਈ ਵਿੱਚ ਚੱਲ ਰਹੇ ਵਿਵਾਦ ‘ਤੇ ਵਿਚਾਰ-ਵਟਾਂਦਰਾ ਕੀਤਾ।

ਬੈਠਕ ਦੌਰਾਨ ਚੰਨੀ ਨੇ ਵੇਣੂਗੋਪਾਲ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਇੱਕਜੁੱਟ ਰੱਖਣ ਵਿੱਚ ਕਾਮਯਾਬ ਨਹੀਂ ਰਹੇ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹੀ ਲੀਡਰਸ਼ਿਪ ਜਾਰੀ ਰਹੀ ਤਾਂ ਅੰਦਰੂਨੀ ਮਤਭੇਦ ਹੋਰ ਗੰਭੀਰ ਹੋ ਸਕਦੇ ਹਨ।

ਹਾਲਾਂਕਿ ਪਾਰਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਇਸ ਵੇਲੇ ਕਿਸੇ ਵੀ ਦਬਾਅ ਹੇਠ ਸੂਬਾ ਪ੍ਰਧਾਨ ਬਦਲਣ ਦੇ ਹੱਕ ਵਿੱਚ ਨਹੀਂ ਹੈ। ਹਾਈਕਮਾਂਡ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਗਲਤ ਸਿਆਸੀ ਸੰਦੇਸ਼ ਜਾਵੇਗਾ ਅਤੇ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸਥਿਤੀ ਹੋਰ ਕਮਜ਼ੋਰ ਹੋ ਸਕਦੀ ਹੈ।

ਸੂਤਰਾਂ ਅਨੁਸਾਰ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਵੀ ਇਹ ਰੁਖ ਸਪੱਸ਼ਟ ਕੀਤਾ ਹੈ ਕਿ ਸੰਗਠਨਕ ਫ਼ੈਸਲੇ ਕਿਸੇ ਧੜੇ ਦੇ ਦਬਾਅ ਹੇਠ ਨਹੀਂ ਲਏ ਜਾਣਗੇ। ਲੀਡਰਸ਼ਿਪ ਇਹ ਵੀ ਮੰਨਦੀ ਹੈ ਕਿ ਪੰਜਾਬ ਵਿੱਚ ਜਾਤੀ ਅਤੇ ਸਮਾਜਿਕ ਸੰਤੁਲਨ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਢਾਂਚੇ ਨੂੰ ਬਰਕਰਾਰ ਰੱਖਣਾ ਪਾਰਟੀ ਲਈ ਵਧੇਰੇ ਉਚਿਤ ਰਹੇਗਾ, ਕਿਉਂਕਿ ਰਾਜਾ ਵੜਿੰਗ ਜੱਟ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ, ਜਦਕਿ ਚਰਨਜੀਤ ਸਿੰਘ ਚੰਨੀ ਪਾਰਟੀ ਦਾ ਪ੍ਰਮੁੱਖ ਦਲਿਤ ਚਿਹਰਾ ਹਨ।

ਭਾਵੇਂ ਚੰਨੀ ਧੜਾ ਆਪਣੀਆਂ ਅਪਤੀਆਂ ਅਤੇ ਸੁਝਾਅ ਹਾਈਕਮਾਂਡ ਅੱਗੇ ਲਗਾਤਾਰ ਰੱਖ ਰਿਹਾ ਹੈ, ਪਰ ਮੌਜੂਦਾ ਸੰਕੇਤ ਇਹੀ ਹਨ ਕਿ ਪੰਜਾਬ ਕਾਂਗਰਸ ਦੀ ਕਮਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਹੀ ਰਹੇਗੀ। ਇਸ ਦੇ ਨਾਲ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਕੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Exit mobile version