Google search engine
Home Punjab News ਮੰਡੌਰ ਐਨਕਾਊਂਟਰ ਮਾਮਲੇ ‘ਚ ਨਵਾਂ ਮੋੜ, ਜਸਪ੍ਰੀਤ ਦੇ ਪਰਿਵਾਰ ਨੇ ਹਾਈਕੋਰਟ ਤੋਂ...

ਮੰਡੌਰ ਐਨਕਾਊਂਟਰ ਮਾਮਲੇ ‘ਚ ਨਵਾਂ ਮੋੜ, ਜਸਪ੍ਰੀਤ ਦੇ ਪਰਿਵਾਰ ਨੇ ਹਾਈਕੋਰਟ ਤੋਂ ਵਾਪਸ ਲਈ ਸੀਬੀਆਈ ਜਾਂਚ ਦੀ ਮੰਗ

ਨਾਭਾ ਦੇ ਪਿੰਡ ਮੰਡੌਰ ਵਿੱਚ ਮਾਰਚ 2025 ਦੌਰਾਨ ਹੋਏ ਬਹੁਚਰਚਿਤ ਪੁਲੀਸ ਐਨਕਾਊਂਟਰ ਮਾਮਲੇ ਵਿੱਚ ਇੱਕ ਅਹਿਮ ਕਾਨੂੰਨੀ ਮੋੜ ਸਾਹਮਣੇ ਆਇਆ ਹੈ। ਐਨਕਾਊਂਟਰ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਦੇ ਮਾਤਾ-ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਸੀਬੀਆਈ ਜਾਂਚ ਦੀ ਮੰਗ ਵਾਲੀ ਪਟੀਸ਼ਨ ਵਾਪਸ ਲੈ ਲਈ ਹੈ। ਅਦਾਲਤ ਨੇ ਦੋਵਾਂ ਦੇ ਹਲਫ਼ੀਆ ਬਿਆਨਾਂ ਨੂੰ ਰਿਕਾਰਡ ‘ਤੇ ਲੈਂਦਿਆਂ ਪਟੀਸ਼ਨ ਨੂੰ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਅਤੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ।

ਅਦਾਲਤੀ ਰਿਕਾਰਡ ਅਨੁਸਾਰ, ਜਸਪ੍ਰੀਤ ਸਿੰਘ ਦੀ ਮਾਤਾ ਬਲਜੀਤ ਕੌਰ ਅਤੇ ਪਿਤਾ ਲਖਵਿੰਦਰ ਸਿੰਘ ਵੱਲੋਂ ਦਿੱਤੇ ਹਲਫ਼ੀਆ ਬਿਆਨਾਂ ਵਿੱਚ ਸਪੱਸ਼ਟ ਕੀਤਾ ਗਿਆ ਕਿ ਉਹ ਹੁਣ ਇਸ ਪਟੀਸ਼ਨ ਨੂੰ ਅੱਗੇ ਨਹੀਂ ਚਲਾਉਣਾ ਚਾਹੁੰਦੇ। ਇਸ ਤੋਂ ਬਾਅਦ ਪਟੀਸ਼ਨਰ ਪੱਖ ਦੇ ਵਕੀਲ ਨੇ ਅਦਾਲਤ ਨੂੰ ਪਟੀਸ਼ਨ ਵਾਪਸ ਲੈਣ ਬਾਰੇ ਜਾਣੂ ਕਰਵਾਇਆ, ਜਿਸ ‘ਤੇ ਹਾਈਕੋਰਟ ਨੇ ਕਾਨੂੰਨੀ ਕਾਰਵਾਈ ਪੂਰੀ ਕਰਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ।

ਇਹ ਮਾਮਲਾ 13 ਮਾਰਚ 2025 ਨੂੰ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਖੰਨਾ ਤੋਂ ਕਥਿਤ ਤੌਰ ‘ਤੇ ਇੱਕ ਬੱਚੇ ਨੂੰ ਅਗਵਾ ਕਰਕੇ ਭੱਜ ਰਹੇ 22 ਸਾਲਾ ਐਨ.ਆਰ.ਆਈ. ਜਸਪ੍ਰੀਤ ਸਿੰਘ ਦੀ ਨਾਭਾ ਦੇ ਪਿੰਡ ਮੰਡੌਰ ਨੇੜੇ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਪੁਲੀਸ ਦੇ ਅਨੁਸਾਰ, ਜਸਪ੍ਰੀਤ ਆਪਣੀ ਫਾਰਚੂਨਰ ਗੱਡੀ ਵਿੱਚ ਸਵਾਰ ਸੀ ਅਤੇ ਪੁਲੀਸ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਉਸ ਨੇ ਪੁਲੀਸ ਟੀਮ ‘ਤੇ ਗੋਲੀਬਾਰੀ ਕੀਤੀ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਜਵਾਬੀ ਕਾਰਵਾਈ ਸਿਰਫ਼ ਸਵੈ-ਰੱਖਿਆ ਲਈ ਕੀਤੀ ਗਈ।

ਦੂਜੇ ਪਾਸੇ, ਜਸਪ੍ਰੀਤ ਦੇ ਪਰਿਵਾਰ ਨੇ ਸ਼ੁਰੂ ਤੋਂ ਹੀ ਪੁਲੀਸ ਦੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਅਪਰੈਲ 2025 ਵਿੱਚ ਹਾਈਕੋਰਟ ਦਾ ਰੁਖ ਕਰਦਿਆਂ ਦੋਸ਼ ਲਗਾਇਆ ਸੀ ਕਿ ਇਹ ਇੱਕ ਯੋਜਨਾਬੱਧ ਝੂਠਾ ਐਨਕਾਊਂਟਰ ਸੀ। ਪਰਿਵਾਰ ਦਾ ਕਹਿਣਾ ਸੀ ਕਿ ਪੋਸਟਮਾਰਟਮ ਰਿਪੋਰਟ ਵਿੱਚ ਨਜ਼ਦੀਕ ਤੋਂ ਗੋਲੀਆਂ ਮਾਰੇ ਜਾਣ ਦੇ ਸੰਕੇਤ ਮਿਲਦੇ ਹਨ ਅਤੇ ਕੁਝ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਜਸਪ੍ਰੀਤ ਪਹਿਲਾਂ ਹੀ ਪੁਲੀਸ ਅੱਗੇ ਆਤਮ ਸਮਰਪਣ ਕਰ ਚੁੱਕਾ ਸੀ।

ਇਸ ਤਾਜ਼ਾ ਘਟਨਾਕ੍ਰਮ ਬਾਰੇ ਜਦੋਂ ਜਸਪ੍ਰੀਤ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਸਿਰਫ਼ ਇਹ ਕਿਹਾ ਕਿ ਉਹ ਡਾਕਟਰ ਕੋਲ ਹਨ ਅਤੇ ਇਸ ਵੇਲੇ ਮਾਮਲੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ।

ਇਸ ਦੌਰਾਨ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਰਿਸ਼ਤੇਦਾਰ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਪਹਿਲਾਂ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ, ਪਰ ਕਾਨੂੰਨੀ ਸਲਾਹ ਤੋਂ ਬਾਅਦ ਉਹ ਪਟੀਸ਼ਨ ਵਾਪਸ ਲੈ ਲਈ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਹੁਣ ਜਦੋਂ ਜਸਪ੍ਰੀਤ ਦੇ ਮਾਪਿਆਂ ਨੇ ਵੀ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਉਹ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਦਾਲਤ ਵਿੱਚ ਮਹੱਤਵਪੂਰਨ ਵੀਡੀਓ ਸਬੂਤ ਅਤੇ ਪ੍ਰਤੱਖਦਰਸ਼ੀ ਗਵਾਹ ਪੇਸ਼ ਕਰਕੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨਗੇ।

ਇਸ ਤਰ੍ਹਾਂ ਮੰਡੌਰ ਐਨਕਾਊਂਟਰ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਕੇਸ ਦੀ ਕਾਨੂੰਨੀ ਦਿਸ਼ਾ ‘ਤੇ ਸਭ ਦੀ ਨਜ਼ਰ ਟਿਕੀ ਰਹੇਗੀ।

Exit mobile version