Home Canada ਬੀ.ਸੀ. ‘ਚ ਪਹਿਲੀ ਵਾਰ ਬਣੇਗਾ ਅਸਥੀਆਂ ਵਿਸਰਜਨ ਲਈ ਸਮਰਪਿਤ ਸਥਾਨ

ਬੀ.ਸੀ. ‘ਚ ਪਹਿਲੀ ਵਾਰ ਬਣੇਗਾ ਅਸਥੀਆਂ ਵਿਸਰਜਨ ਲਈ ਸਮਰਪਿਤ ਸਥਾਨ

 

ਡੈਲਟਾ ਵਿੱਚ ਫਰੇਜ਼ਰ ਦਰਿਆ ਕੰਢੇ ਹੋਵੇਗੀ ਵਿਸ਼ੇਸ਼ ਸਹੂਲਤ; ਦੱਖਣੀ ਏਸ਼ੀਆਈ ਭਾਈਚਾਰੇ ਸਮੇਤ ਹਰ ਧਰਮ ਦੇ ਲੋਕ ਕਰ ਸਕਣਗੇ ਅੰਤਿਮ ਰਸਮਾਂ

ਡੈਲਟਾ (ਮਹੇਸ਼ਇੰਦਰ ਸਿੰਘ ਮਾਂਗਟ) : ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੈਲਟਾ ਵਿਖੇ ਅਸਥੀਆਂ ਵਿਸਰਜਨ (Ash Dispersal) ਲਈ ਸਮਰਪਿਤ ਸਥਾਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਪਹਿਲ ਨਾਲ ਖ਼ਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਹੁਣ ਆਪਣੇ ਪਿਆਰਿਆਂ ਦੀਆਂ ਅੰਤਿਮ ਧਾਰਮਿਕ ਰਸਮਾਂ ਨਿਭਾਉਣ ਲਈ ਵਿਦੇਸ਼ ਜਾਣ ਜਾਂ ਅਸਥੀਆਂ ਵਿਦੇਸ਼ ਭੇਜਣ ਦੀ ਲੋੜ ਨਹੀਂ ਰਹੇਗੀ।

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੂਬੇ ਵਿੱਚ ਅਜਿਹਾ ਸਥਾਨ ਹੋਵੇ, ਜਿੱਥੇ ਪਰਿਵਾਰ ਆਪਣੀਆਂ ਧਾਰਮਿਕ ਅਤੇ ਸਭਿਆਚਾਰਕ ਪਰੰਪਰਾਵਾਂ ਅਨੁਸਾਰ ਸਨਮਾਨ ਨਾਲ ਅਸਥੀਆਂ ਵਿਸਰਜਿਤ ਕਰ ਸਕਣ। ਉਨ੍ਹਾਂ ਕਿਹਾ ਕਿ ਡੈਲਟਾ ਵਿੱਚ ਬਣਨ ਵਾਲਾ ਇਹ ਸਥਾਨ ਪਰਿਵਾਰਾਂ ਨੂੰ ਆਪਣੇ ਹੀ ਘਰ ਦੇ ਨੇੜੇ ਆਪਣੇ ਪਿਆਰਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਦੇਵੇਗਾ।

ਇਹ ਸਥਾਨ ਟਿਲਬਰੀ ਆਈਲੈਂਡ ਸਥਿਤ ਫਰੇਜ਼ਰ ਵਿਊਪੁਆਇੰਟ ਪਾਰਕ ਵਿੱਚ ਵਿਕਸਿਤ ਕੀਤਾ ਜਾਵੇਗਾ। ਪਾਰਕ ਵਿੱਚ ਇਕੱਠੇ ਹੋਣ ਲਈ ਵਿਸ਼ੇਸ਼ ਜਗ੍ਹਾ, ਬੈਠਣ ਦੀ ਵਿਵਸਥਾ ਅਤੇ ਫਰੇਜ਼ਰ ਦਰਿਆ ਤੱਕ ਸੁਰੱਖਿਅਤ ਪਹੁੰਚ ਯਕੀਨੀ ਬਣਾਈ ਜਾਵੇਗੀ, ਤਾਂ ਜੋ ਲੋਕ ਸਨਮਾਨ ਨਾਲ ਅੰਤਿਮ ਰਸਮਾਂ ਨਿਭਾ ਸਕਣ।

ਡੈਲਟਾ ਦੇ ਮੇਅਰ ਜਾਰਜ ਹਰਵੀ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਧਾਰਮਿਕ ਵਿਸ਼ਵਾਸਾਂ ਦਾ ਸਨਮਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਇਸ ਪ੍ਰੋਜੈਕਟ ਲਈ 2 ਲੱਖ 25 ਹਜ਼ਾਰ ਡਾਲਰ ਤੱਕ ਦਾ ਯੋਗਦਾਨ ਦੇ ਰਿਹਾ ਹੈ, ਜਿਸ ਨਾਲ ਪਾਰਕ ਵਿੱਚ ਲੋੜੀਂਦੇ ਵਿਕਾਸ ਕਾਰਜ ਕੀਤੇ ਜਾਣਗੇ।

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਣਜੀਤ ਹੇਅਰ ਨੇ ਇਸ ਨੂੰ ਸਮੁੱਚੇ ਬ੍ਰਿਟਿਸ਼ ਕੋਲੰਬੀਆ ਅਤੇ ਵਿਸ਼ੇਸ਼ ਤੌਰ ‘ਤੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਲੋਕ ਆਪਣੀਆਂ ਧਾਰਮਿਕ ਪਰੰਪਰਾਵਾਂ ਅਨੁਸਾਰ ਆਪਣੇ ਪਿਆਰਿਆਂ ਦੀਆਂ ਅੰਤਿਮ ਰਸਮਾਂ ਸੂਬੇ ਦੇ ਅੰਦਰ ਹੀ ਅਦਾ ਕਰ ਸਕਣਗੇ।

ਡੈਲਟਾ ਨਾਰਥ ਤੋਂ ਵਿਧਾਇਕ ਰਵੀ ਕਾਹਲੋਂ ਨੇ ਕਿਹਾ ਕਿ ਇਹ ਪਹਿਲ ਸਮਾਜਿਕ ਸਮਾਵੇਸ਼ ਅਤੇ ਸੱਭਿਆਚਾਰਕ ਸਨਮਾਨ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਹੁਣ ਪਰਿਵਾਰਾਂ ਨੂੰ ਆਪਣੇ ਧਾਰਮਿਕ ਫ਼ਰਜ਼ ਨਿਭਾਉਣ ਲਈ ਵਿਦੇਸ਼ਾਂ ਦਾ ਰੁਖ਼ ਨਹੀਂ ਕਰਨਾ ਪਵੇਗਾ।

ਇਸ ਦੇ ਨਾਲ ਹੀ ਬੀ.ਸੀ. ਸਰਕਾਰ ਨੇ ਸੂਬੇ ਦੀਆਂ ਹੋਰ ਨਗਰ ਪਾਲਿਕਾਵਾਂ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਉਹ ਕ੍ਰਾਊਨ ਲੈਂਡ ‘ਤੇ ਇਸ ਤਰ੍ਹਾਂ ਦੇ ਅਸਥੀਆਂ ਵਿਸਰਜਨ ਸਥਾਨ ਸਥਾਪਤ ਕਰ ਸਕਣ। ਸਰਕਾਰ ਨੇ ਕਿਹਾ ਹੈ ਕਿ ਇੱਛੁਕ ਨਗਰ ਪਾਲਿਕਾਵਾਂ ਨੂੰ ਮਨਜ਼ੂਰੀ ਪ੍ਰਕਿਰਿਆ ਅਤੇ ਹੋਰ ਲੋੜੀਂਦੇ ਸਹਿਯੋਗ ਵਿੱਚ ਪੂਰੀ ਮਦਦ ਦਿੱਤੀ ਜਾਵੇਗੀ।

ਇਸ ਪਹਿਲ ਨੂੰ ਬਹੁ-ਸੱਭਿਆਚਾਰਕ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ-ਵੱਖ ਧਰਮਾਂ ਅਤੇ ਰਵਾਇਤਾਂ ਦਾ ਸਨਮਾਨ ਕਰਨ ਵੱਲ ਇੱਕ ਅਹਿਮ ਅਤੇ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।

 

Exit mobile version