Google search engine
Home Global ਐੱਫਬੀਆਈ ਦੀ ਜਾਂਚ ਤੋਂ ਬਾਅਦ ਪੰਜਾਬ ਪੁਲੀਸ ਦਾ ਵੱਡਾ ਐਕਸ਼ਨ, ਟਾਂਡਾ ਦੇ...

ਐੱਫਬੀਆਈ ਦੀ ਜਾਂਚ ਤੋਂ ਬਾਅਦ ਪੰਜਾਬ ਪੁਲੀਸ ਦਾ ਵੱਡਾ ਐਕਸ਼ਨ, ਟਾਂਡਾ ਦੇ ਸਾਬਕਾ ਐੱਸਐੱਚਓ ਗੁਰਿੰਦਰਜੀਤ ਨਾਗਰਾ ਗ੍ਰਿਫ਼ਤਾਰ

ਅੰਤਰਰਾਸ਼ਟਰੀ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਇੱਕ ਚਰਚਿਤ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਸਾਬਕਾ ਐੱਸਐੱਚਓ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਗਰਾ ਦਾ ਨਾਮ ਇਸ ਸਾਲ ਫਰਵਰੀ ਮਹੀਨੇ ਵਿੱਚ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਇੱਕ ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਨਾਲ ਜੋੜਿਆ ਗਿਆ ਸੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਜਾਂਚ ਤੇਜ਼ ਕਰ ਦਿੱਤੀ ਗਈ ਸੀ।

ਐੱਫਬੀਆਈ ਦੇ ਦੋਸ਼ਾਂ ਅਨੁਸਾਰ ਗੁਰਿੰਦਰਜੀਤ ਨਾਗਰਾ ਨੇ ਕਥਿਤ ਤੌਰ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਨੈਟਵਰਕ ਨਾਲ ਮਿਲ ਕੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇੱਕ ਪਰਿਵਾਰ ਨੂੰ ਧਮਕੀਆਂ ਦੇ ਕੇ 4 ਲੱਖ ਅਮਰੀਕੀ ਡਾਲਰ ਦੀ ਜਬਰੀ ਵਸੂਲੀ ਦੀ ਸਾਜ਼ਿਸ਼ ਵਿੱਚ ਭੂਮਿਕਾ ਨਿਭਾਈ। ਦੋਸ਼ ਹੈ ਕਿ ਪਰਿਵਾਰ ਦੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ।

ਐੱਫਬੀਆਈ ਵੱਲੋਂ 7 ਫਰਵਰੀ ਨੂੰ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਨਾਗਰਾ ਦਾ ਨਾਮ ਕਥਿਤ ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਦੇ ਮੈਂਬਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਹੁਸ਼ਿਆਰਪੁਰ ਦੇ ਸੀਨੀਅਰ ਪੁਲੀਸ ਕਪਤਾਨ ਨੇ ਨਾਗਰਾ ਨੂੰ ਟਾਂਡਾ ਥਾਣੇ ਤੋਂ ਹਟਾ ਕੇ ਪੁਲੀਸ ਲਾਈਨ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਹੁਣ ਲੰਬੀ ਜਾਂਚ ਤੋਂ ਬਾਅਦ ਉਸ ਨੂੰ ਵਿਧੀਵਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਸਪੈਕਟਰ ਨਾਗਰਾ ਨੇ ਅਮਰੀਕਾ ਵਿੱਚ ਰਹਿ ਰਹੇ ਪਰਿਵਾਰ ਤੋਂ ਕਰੀਬ 16 ਲੱਖ ਰੁਪਏ ਦੀ ਨਜਾਇਜ਼ ਰਕਮ ਹਾਸਲ ਕੀਤੀ ਸੀ। ਜਾਂਚ ਦੌਰਾਨ ਤਕਨੀਕੀ ਸਬੂਤ, ਬੈਂਕ ਅਤੇ ਵਿੱਤੀ ਲੈਣ-ਦੇਣ ਦੇ ਰਿਕਾਰਡ, ਗਵਾਹਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਇਕੱਠੇ ਕੀਤੇ ਗਏ ਹਨ, ਜਿਨ੍ਹਾਂ ਦੇ ਆਧਾਰ ’ਤੇ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ।

ਪੁਲੀਸ ਦਾ ਕਹਿਣਾ ਹੈ ਕਿ ਨਾਗਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਪੂਰੇ ਗਿਰੋਹ, ਉਸ ਦੇ ਸੰਪਰਕਾਂ ਅਤੇ ਜਬਰੀ ਵਸੂਲੀ ਦੇ ਨੈਟਵਰਕ ਦੀਆਂ ਹੋਰ ਪਰਤਾਂ ਖੋਲ੍ਹੀਆਂ ਜਾ ਸਕਣ। ਇਸ ਦੇ ਨਾਲ ਹੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਕਾਰਵਾਈ ਤੋਂ ਪਹਿਲਾਂ ਐੱਫਬੀਆਈ ਨੇ ਆਪਣੇ ‘ਅਪ੍ਰੇਸ਼ਨ ਹਾਰਡ ਬਾਲ’ ਤਹਿਤ ਲਾਸ ਏਂਜਲਸ ਦੀ ਅਦਾਲਤ ਵਿੱਚ 44 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਗਿਆ ਕਿ ਜੱਗੂ ਭਗਵਾਨਪੁਰੀਆ ਗਿਰੋਹ ਭਾਰਤ ਅਤੇ ਵਿਦੇਸ਼ਾਂ ਵਿੱਚ ਕਤਲ, ਜਬਰੀ ਵਸੂਲੀ, ਰੈਕੇਟੀਅਰਿੰਗ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਸਰਗਰਮ ਰਿਹਾ ਹੈ। ਇਸੇ ਚਾਰਜਸ਼ੀਟ ਵਿੱਚ ਗੁਰਿੰਦਰਜੀਤ ਨਾਗਰਾ ਦਾ ਵੀ ਜ਼ਿਕਰ ਕਰਦਿਆਂ ਉਸ ਨੂੰ ਕਥਿਤ ਤੌਰ ’ਤੇ ਗਿਰੋਹ ਦੀ ਮਦਦ ਕਰਨ ਵਾਲੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਵਿੱਚ ਸ਼ਾਮਲ ਕੀਤਾ ਗਿਆ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟਾਂਡਾ ਦੇ ਪਿੰਡ ਮਿਆਣੀ ਵਿੱਚ 15 ਜਨਵਰੀ ਨੂੰ ਹੋਏ ਹਾਰਡਵੇਅਰ ਵਪਾਰੀ ਬਲਵਿੰਦਰ ਸਿੰਘ ਕਤਲ ਮਾਮਲੇ ਨੂੰ ਵੀ ਇਸੇ ਨੈਟਵਰਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਸ ਸਮੇਂ ਪੁਲੀਸ ਨੇ ਇੱਕ ਅਮਰੀਕਾ-ਅਧਾਰਿਤ ਸਾਬਕਾ ਪੁਲੀਸ ਅਧਿਕਾਰੀ ਨੂੰ ਇਸ ਹੱਤਿਆ ਲਈ ਜ਼ਿੰਮੇਵਾਰ ਦੱਸਿਆ ਸੀ, ਪਰ ਐੱਫਬੀਆਈ ਦੀ ਜਾਂਚ ਵਿੱਚ ਦਾਅਵਾ ਕੀਤਾ ਗਿਆ ਕਿ ਉਸੇ ਪਰਿਵਾਰ ਨੂੰ ਕੇਸ ਵਿੱਚ ਫਸਾਈ ਰੱਖਣ ਦੇ ਨਾਂ ’ਤੇ ਫਿਰੌਤੀ ਮੰਗੀ ਜਾ ਰਹੀ ਸੀ।

ਐੱਫਬੀਆਈ ਦੀ ਰਿਪੋਰਟ ਮੁਤਾਬਕ ਇਹ ਅਪਰਾਧਿਕ ਨੈਟਵਰਕ ਭਾਰਤ, ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਫੈਲਿਆ ਹੋਇਆ ਸੀ। ਇਸ ਗਿਰੋਹ ’ਤੇ ਕਤਲ-ਦੇ-ਬਦਲੇ-ਪੈਸੇ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੀ ਸਪਲਾਈ, ਅਗਵਾ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਜਾਂਚ ਏਜੰਸੀਆਂ ਹੁਣ ਤੱਕ 24 ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀਆਂ ਹਨ, ਜਦਕਿ ਵੱਡੀ ਮਾਤਰਾ ਵਿੱਚ ਕੋਕੀਨ, ਹੈਰੋਇਨ, ਹਥਿਆਰ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਕਈ ਮੁਲਜ਼ਮ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਭਾਲ ਜਾਰੀ ਹੈ।

Exit mobile version