Google search engine
Home Punjab News ਨਫ਼ਰਤ ਦੀ ਰਾਜਨੀਤੀ ਨੂੰ ਪੰਜਾਬ ਨੇ ਹਰ ਵਾਰ ਨਕਾਰਿਆ, ਭਾਈਚਾਰਕ ਸਾਂਝ ਹੀ...

ਨਫ਼ਰਤ ਦੀ ਰਾਜਨੀਤੀ ਨੂੰ ਪੰਜਾਬ ਨੇ ਹਰ ਵਾਰ ਨਕਾਰਿਆ, ਭਾਈਚਾਰਕ ਸਾਂਝ ਹੀ ਸੂਬੇ ਦੀ ਅਸਲੀ ਤਾਕਤ: ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿੱਥੇ ਪਿਆਰ, ਭਾਈਚਾਰਾ ਅਤੇ ਆਪਸੀ ਸਾਂਝ ਦੀ ਪਰੰਪਰਾ ਸਦੀਆਂ ਤੋਂ ਕਾਇਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਹਰ ਕਿਸਮ ਦਾ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਉੱਗ ਸਕਦਾ, ਕਿਉਂਕਿ ਪੰਜਾਬੀਆਂ ਨੇ ਹਮੇਸ਼ਾ ਵੰਡ ਅਤੇ ਵੈਰ-ਵਿਰੋਧ ਦੀ ਸਿਆਸਤ ਨੂੰ ਰੱਦ ਕੀਤਾ ਹੈ।

ਲਾਲ ਬਾਦਸ਼ਾਹ ਦੇ ਡੇਰੇ ਵਿਖੇ ਸਾਈਂ ਹੰਸ ਰਾਜ ਦੀ ਅਗਵਾਈ ਹੇਠ ਚੱਲ ਰਹੇ ਸਾਲਾਨਾ ਮੇਲੇ ਦੇ ਦੂਜੇ ਦਿਨ ਨਤਮਸਤਕ ਹੋਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲੱਗਣ ਵਾਲੇ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਸਿਰਫ਼ ਰਸਮਾਂ ਨਹੀਂ, ਸਗੋਂ ਭਾਈਚਾਰਕ ਏਕਤਾ, ਸ਼ਾਂਤੀ ਅਤੇ ਸਾਂਝੇ ਸੱਭਿਆਚਾਰ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਕੁਝ ਤਾਕਤਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਝਵਾਨ ਪੰਜਾਬੀਆਂ ਨੇ ਹਰ ਵਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਇਆ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਰੱਖੀ।

ਮੁੱਖ ਮੰਤਰੀ ਨੇ ਪ੍ਰਸਿੱਧ ਲੋਕ ਗਾਇਕ ਅਤੇ ਪਦਮਸ਼੍ਰੀ ਸਨਮਾਨ ਪ੍ਰਾਪਤ ਹੰਸ ਰਾਜ ਹੰਸ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ “ਸਾਈਂ ਦਰਵੇਸ਼” ਦਾ ਖ਼ਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਸਫੀਪੁਰ ਦੇ ਇੱਕ ਸਧਾਰਨ ਮਜ਼ਦੂਰ ਪਰਿਵਾਰ ਵਿੱਚ ਜਨਮੇ ਹੰਸ ਰਾਜ ਹੰਸ ਨੇ ਆਪਣੀ ਮਿਹਨਤ ਅਤੇ ਕਲਾ ਦੇ ਸਦਕਾ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅੱਜ ਵੀ ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਹੰਸ ਰਾਜ ਹੰਸ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਇਸੇ ਤਰ੍ਹਾਂ ਅੱਗੇ ਰਹਿਣ ਦੀ ਅਪੀਲ ਵੀ ਕੀਤੀ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਰਾਜਨੀਤੀ ਅਤੇ ਕਲਾ ਦੇ ਰਿਸ਼ਤੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਿਆਸੀ ਆਗੂ ਲੋਕਾਂ ਨੂੰ ਇਕੱਠਾ ਕਰਨ ਲਈ ਕਲਾਕਾਰਾਂ ਦਾ ਸਹਾਰਾ ਲੈਂਦੇ ਸਨ, ਪਰ ਹੁਣ ਲੋਕਾਂ ਨੇ ਖੁਦ ਇੱਕ ਕਾਮੇਡੀ ਕਲਾਕਾਰ ਨੂੰ ਮੁੱਖ ਮੰਤਰੀ ਬਣਾ ਕੇ ਰਵਾਇਤੀ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਉਨ੍ਹਾਂ ਹੱਸਦੇ ਹੋਏ ਕਿਹਾ ਕਿ ਲੋਕਾਂ ਨੇ ਕਲਾਕਾਰਾਂ ‘ਤੇ ਅਜਿਹਾ ਭਰੋਸਾ ਕੀਤਾ ਕਿ ਰਾਜਨੀਤੀ ਦੇ ਵੱਡੇ-ਵੱਡੇ ਬੋਹੜ ਵੀ ਉਖਾੜ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਦੱਖਣੀ ਭਾਰਤ ਵਿੱਚ ਕਾਫ਼ੀ ਸਮੇਂ ਤੋਂ ਕਲਾਕਾਰਾਂ ਨੂੰ ਵੱਡੀਆਂ ਰਾਜਨੀਤਕ ਜ਼ਿੰਮੇਵਾਰੀਆਂ ਮਿਲਦੀਆਂ ਰਹੀਆਂ ਹਨ ਅਤੇ ਹੁਣ ਉੱਤਰੀ ਭਾਰਤ ਵਿੱਚ ਵੀ ਲੋਕ ਇਸ ਸੋਚ ਨੂੰ ਅਪਣਾ ਰਹੇ ਹਨ।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਦੇ ਸਨਮਾਨ ਅਤੇ ਆਰਥਿਕ ਸਸ਼ਕਤੀਕਰਨ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਗਈ ਹੈ, ਜਦਕਿ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਤੀਰਥ ਯਾਤਰਾ ਸਕੀਮ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ ਅਤੇ ਸਰਕਾਰ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੁਸ਼ਹਾਲ, ਵਿਕਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਇਸ ਮਕਸਦ ਲਈ ਹਰ ਖੇਤਰ ਵਿੱਚ ਸੁਧਾਰਕ ਕਦਮ ਚੁੱਕੇ ਜਾ ਰਹੇ ਹਨ।

ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ, ਆਮ ਆਦਮੀ ਪਾਰਟੀ ਦੇ ਸ਼ਾਹਕੋਟ ਹਲਕੇ ਦੇ ਇੰਚਾਰਜ ਪਿੰਦਰ ਪੰਡੋਰੀ, ਮੇਲੇ ਦੇ ਪ੍ਰਬੰਧਕ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ।

Exit mobile version