Google search engine
Home Indian ਪੰਜਾਬ ਯੂਨੀਵਰਸਿਟੀ ‘ਚ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਭਖਿਆ, ਵਿਰੋਧ ਕਰ ਰਹੇ...

ਪੰਜਾਬ ਯੂਨੀਵਰਸਿਟੀ ‘ਚ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਭਖਿਆ, ਵਿਰੋਧ ਕਰ ਰਹੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਤਣਾਅ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਨੂੰ ਲੈ ਕੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਚੰਡੀਗੜ੍ਹ ਪੁਲੀਸ ਵਿਚਾਲੇ ਧੱਕਾਮੁੱਕੀ ਹੋਈ, ਜਿਸ ਤੋਂ ਬਾਅਦ ਪੁਲੀਸ ਨੇ ਕਈ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-24 ਸਥਿਤ ਪੁਲੀਸ ਥਾਣੇ ਭੇਜ ਦਿੱਤਾ।

ਵਿਰੋਧ ਕਰ ਰਹੇ ਵਿਦਿਆਰਥੀ ਆਗੂਆਂ, ਜਿਨ੍ਹਾਂ ਵਿੱਚ ਜ਼ੋਬਨ, ਸਾਰਾਹ ਸ਼ਰਮਾ ਅਤੇ ਸੰਦੀਪ ਸਮੇਤ ਹੋਰ ਵਿਦਿਆਰਥੀ ਸ਼ਾਮਲ ਸਨ, ਦਾ ਦਾਅਵਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਵਿਵਾਦਤ ਪ੍ਰੋਗਰਾਮ ਨੂੰ ਕੈਂਪਸ ਵਿੱਚ ਆਯੋਜਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਅਨੁਸਾਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਵਿਰੋਧ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰੋਗਰਾਮ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਹਾਲਾਂਕਿ ਵਿਦਿਆਰਥੀਆਂ ਦਾ ਦੋਸ਼ ਹੈ ਕਿ ਬਾਅਦ ਵਿੱਚ ਪ੍ਰੋਗਰਾਮ ਮੁੜ ਕਰਵਾਇਆ ਗਿਆ, ਜਿਸ ਕਾਰਨ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟ ਕਰਨ ਦਾ ਫ਼ੈਸਲਾ ਕੀਤਾ।

ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਰੋਧ ਉਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਗਏ ਕੁਝ ਬੁਲਾਰਿਆਂ ਨੂੰ ਲੈ ਕੇ ਸੀ। ਉਨ੍ਹਾਂ ਦੇ ਅਨੁਸਾਰ ਇਹ ਬੁਲਾਰੇ ਅਜਿਹੇ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ। ਇਸੇ ਕਾਰਨ ‘ਪੀ.ਯੂ. ਅਗੈਨਸਟ ਸੈਫਰੋਨਾਈਜ਼ੇਸ਼ਨ’ ਦੇ ਬੈਨਰ ਹੇਠ ਵਿਦਿਆਰਥੀਆਂ ਨੇ ਪਹਿਲਾਂ ਹੀ ਵਿਰੋਧ ਦਾ ਐਲਾਨ ਕਰ ਦਿੱਤਾ ਸੀ।

ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਡੀਟੋਰੀਅਮ ਵੱਲ ਸ਼ਾਂਤਮਈ ਮਾਰਚ ਸ਼ੁਰੂ ਕੀਤਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲੀਸ ਨੇ ਆਡੀਟੋਰੀਅਮ ਦੇ ਮੁੱਖ ਗੇਟ ‘ਤੇ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਉੱਥੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ ਹੋਈ ਅਤੇ ਕੁਝ ਵਿਦਿਆਰਥੀਆਂ ਨਾਲ ਖਿੱਚ-ਧੂਹ ਵੀ ਕੀਤੀ ਗਈ।

ਵਿਦਿਆਰਥੀ ਜਥੇਬੰਦੀਆਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਪੁਲੀਸ ਵੈਨਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਨੂੰ ਸੈਕਟਰ-24 ਦੇ ਪੁਲੀਸ ਥਾਣੇ ਲਿਜਾਇਆ ਗਿਆ। ਇਸ ਕਾਰਵਾਈ ਦੌਰਾਨ ਕਈ ਵਿਦਿਆਰਥੀ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਦੂਜੇ ਪਾਸੇ, ‘ਪੀ.ਯੂ. ਅਗੈਨਸਟ ਸੈਫਰੋਨਾਈਜ਼ੇਸ਼ਨ’ ਨਾਲ ਜੁੜੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਕੀਤੇ ਜਾ ਰਹੇ ਵਿਰੋਧ ਨੂੰ ਰੋਕਣਾ ਵਿਦਿਆਰਥੀਆਂ ਦੇ ਅਧਿਕਾਰਾਂ ਦਾ ਉਲੰਘਣ ਹੈ। ਜਥੇਬੰਦੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਭਵਿੱਖ ਵਿੱਚ ਵੀ ਆਪਣੇ ਵਿਚਾਰਾਂ ਅਨੁਸਾਰ ਅਜਿਹੇ ਪ੍ਰੋਗਰਾਮਾਂ ਦਾ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਦੀ ਰਹੇਗੀ।

ਇਸ ਘਟਨਾ ਦੇ ਵਿਰੋਧ ਵਿੱਚ ਜਥੇਬੰਦੀ ਨੇ ਸ਼ਾਮ 5:30 ਵਜੇ ਸਟੂਡੈਂਟਸ ਸੈਂਟਰ ਵਿਖੇ ਵਿਦਿਆਰਥੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਗਲੀ ਰਣਨੀਤੀ ਵਿਦਿਆਰਥੀਆਂ ਦੀ ਸਾਂਝੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ।

ਇਸ ਮਾਮਲੇ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਚੰਡੀਗੜ੍ਹ ਪੁਲੀਸ ਵੱਲੋਂ ਇਸ ਖ਼ਬਰ ਦੇ ਲਿਖੇ ਜਾਣ ਤੱਕ ਕੋਈ ਵਿਸਥਾਰਪੂਰਵਕ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

Exit mobile version