Home Canada ਸਰੀ ਦੇ ‘ਅਪਣਾ ਮੇਲਾ’ ਵਿੱਚ ਪੰਜਾਬੀ ਵਿਰਾਸਤ ਦੀ ਛਾਪ, ਤਿੰਨ ਵਿਧਾਇਕਾਂ ਜੈਸੀ...

ਸਰੀ ਦੇ ‘ਅਪਣਾ ਮੇਲਾ’ ਵਿੱਚ ਪੰਜਾਬੀ ਵਿਰਾਸਤ ਦੀ ਛਾਪ, ਤਿੰਨ ਵਿਧਾਇਕਾਂ ਜੈਸੀ ਸੂਨਰ, ਗੈਰੀ ਬੈਗ ਤੇ ਆਮਨਾ ਸ਼ਾਹ ਨੇ ਕੀਤੀ ਸ਼ਿਰਕਤ

ਪੰਜਾਬੀ ਸੱਭਿਆਚਾਰ, ਪਰੰਪਰਾਵਾਂ ਅਤੇ ਪੀੜ੍ਹੀਆਂ ਨੂੰ ਜੋੜਨ ਦਾ ਬਣਿਆ ਸ਼ਾਨਦਾਰ ਮੰਚ

ਸਰੀ (ਬੀ.ਸੀ.), ਸਰੀ ਦੇ ਨਿਊਟਨ ਇਲਾਕੇ ਵਿੱਚ ਸਥਿਤ ਸਟਰਾਬੈਰੀ ਹਿੱਲ ਐਲੀਮੈਂਟਰੀ ਪਾਰਕ ਵਿਖੇ 18 ਜੁਲਾਈ ਨੂੰ ਕਰਵਾਏ ਗਏ ‘ਅਪਣਾ ਮੇਲਾ’ ਦੌਰਾਨ ਪੰਜਾਬੀ ਵਿਰਾਸਤ, ਸੱਭਿਆਚਾਰ ਅਤੇ ਭਾਈਚਾਰਕ ਏਕਤਾ ਦੀ ਵਿਲੱਖਣ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਸਰੀ ਸਿਟੀ ਸੈਂਟਰ ਤੋਂ ਵਿਧਾਇਕ ਅਮਨਾ ਸ਼ਾਹ, ਸਰੀ ਗਿਲਡਫੋਰਡ ਤੋਂ ਵਿਧਾਇਕ ਗੈਰੀ ਬੈਗ ਅਤੇ ਸਰੀ ਨਿਊਟਨ ਤੋਂ ਵਿਧਾਇਕ ਜੈਸੀ ਸੁਨਰ ਨੇ ਸੈਂਕੜਿਆਂ ਪਰਿਵਾਰਾਂ ਅਤੇ ਸਥਾਨਕ ਵਸਨੀਕਾਂ ਨਾਲ ਮੇਲੇ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

GenConnect ਵੱਲੋਂ Indian Summer Festival ਦੇ ਸੱਭਿਆਚਾਰਕ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਦਾ ਉਦੇਸ਼ ਪੰਜਾਬੀ ਵਿਰਾਸਤ ਅਤੇ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਨਾਲ-ਨਾਲ ਨੌਜਵਾਨਾਂ ਅਤੇ ਬਜ਼ੁਰਗਾਂ ਵਿਚਕਾਰ ਆਪਸੀ ਸਾਂਝ ਅਤੇ ਸਿੱਖਣ ਦੇ ਮੌਕੇ ਪੈਦਾ ਕਰਨਾ ਸੀ।

ਸਰੀ ਨਿਊਟਨ ਦੀ ਵਿਧਾਇਕ ਜੈਸੀ ਸੁਨਰ ਨੇ ਸਮਾਗਮ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਅਪਣਾ ਮੇਲਾ’ ਪੰਜਾਬੀ ਸੱਭਿਆਚਾਰ ਅਤੇ ਉਨ੍ਹਾਂ ਪਰਿਵਾਰਾਂ ਨੂੰ ਸਮਰਪਿਤ ਇੱਕ ਖੂਬਸੂਰਤ ਜਸ਼ਨ ਹੈ ਜਿਨ੍ਹਾਂ ਨੇ ਸਰੀ ਨੂੰ ਅੱਜ ਦਾ ਬਹੁ-ਸੱਭਿਆਚਾਰਕ ਅਤੇ ਸੁਹਿਰਦ ਸ਼ਹਿਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪੰਜਾਬੀ ਮਹਿਲਾ ਹੋਣ ਦੇ ਨਾਤੇ, ਜੋ ਸਰੀ ਵਿੱਚ ਹੀ ਪਲੀ-ਬੜੀ ਹੈ, ਉਨ੍ਹਾਂ ਲਈ ਇਹ ਮਾਣ ਦੀ ਗੱਲ ਹੈ ਕਿ ਬੱਚੇ, ਮਾਪੇ, ਦਾਦਾ-ਦਾਦੀ ਅਤੇ ਪੂਰਾ ਭਾਈਚਾਰਾ ਇਕੱਠੇ ਹੋ ਕੇ ਆਪਣੀਆਂ ਰਵਾਇਤਾਂ ਅਤੇ ਤਜ਼ਰਬੇ ਸਾਂਝੇ ਕਰ ਰਹੇ ਹਨ। ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜੀਵੰਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਮੇਲੇ ਦੌਰਾਨ ਵਿਧਾਇਕਾਂ ਨੇ ਪ੍ਰਬੰਧਕਾਂ, ਵਲੰਟੀਅਰਾਂ, ਕਲਾਕਾਰਾਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬੀ ਵਿਰਾਸਤ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ। ਬੱਚਿਆਂ ਨੇ ਭੰਗੜੇ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ, ਜਦਕਿ ਹਰ ਉਮਰ ਦੇ ਲੋਕਾਂ ਨੇ ਰਵਾਇਤੀ ਮੱਖਣ ਰਿੜਕਣ, ਪੀੜ੍ਹੀ ਬੁਣਨ ਦੀ ਕਲਾ, ਸੱਭਿਆਚਾਰਕ ਸਟਾਲਾਂ, ਪੰਜਾਬੀ ਪਕਵਾਨਾਂ, ਲੋਕ ਸੰਗੀਤ ਅਤੇ ਮਨੋਰੰਜਕ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ।

ਜ਼ਿਕਰਯੋਗ ਹੈ ਕਿ GenConnect ਸਰੀ ਵਿੱਚ ਸਥਾਪਿਤ ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਪੰਜਾਬੀ ਨੌਜਵਾਨਾਂ ਅਤੇ ਬਜ਼ੁਰਗਾਂ ਵਿਚਕਾਰ ਪੀੜ੍ਹੀਗਤ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਸੰਸਥਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਪੰਜਾਬੀ ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਾਸਤੀ ਗਿਆਨ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ।

‘ਅਪਣਾ ਮੇਲਾ’ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਰੀ ਦਾ ਪੰਜਾਬੀ ਭਾਈਚਾਰਾ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਭਾਈਚਾਰਕ ਏਕਤਾ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਮੇਲਾ ਨਾ ਸਿਰਫ਼ ਪੰਜਾਬੀ ਸੱਭਿਆਚਾਰ ਦਾ ਜਸ਼ਨ ਬਣਿਆ, ਸਗੋਂ ਸਮਾਜਿਕ ਏਕਤਾ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਇੱਕ ਸਫਲ ਮੰਚ ਸਾਬਤ ਹੋਇਆ।

 

Exit mobile version