Home Canada ਫੈਡਰਲ ਸਰਕਾਰ ਵੱਲੋਂ ਨਿਊਟਨ ਐਥਲੈਟਿਕ ਪਾਰਕ ਅਤੇ ਅਨਵਿਨ ਪਾਰਕ ਦੇ ਵਿਕਾਸ ਲਈ...

ਫੈਡਰਲ ਸਰਕਾਰ ਵੱਲੋਂ ਨਿਊਟਨ ਐਥਲੈਟਿਕ ਪਾਰਕ ਅਤੇ ਅਨਵਿਨ ਪਾਰਕ ਦੇ ਵਿਕਾਸ ਲਈ 1.1 ਕਰੋੜ ਡਾਲਰ ਦੀ ਵੱਡੀ ਸਹਾਇਤਾ

ਐਮ ਪੀ ਸੁਖ ਧਾਲੀਵਾਲ ਦੀਆਂ ਕੋਸ਼ਿਸ਼ਾਂ ਸਦਕਾ ਨਿਊਟਨ ਹਲਕੇ ਨੂੰ ਮਿਲਿਆ ਵੱਡਾ ਤੋਹਫ਼ਾ, ਖੇਡ ਸਹੂਲਤਾਂ ਹੋਣਗੀਆਂ ਵਿਸ਼ਵ ਪੱਧਰੀ

ਸਰੀ, ਬੀ.ਸੀ (ਮਹੇਸ਼ਇੰਦਰ ਸਿੰਘ ਮਾਂਗਟ) ਫੈਡਰਲ ਸਰਕਾਰ ਨੇ ਸਰੀ ਦੇ ਨਿਊਟਨ ਹਲਕੇ ਵਿੱਚ ਸਥਿਤ ਨਿਊਟਨ ਐਥਲੈਟਿਕ ਪਾਰਕ ਅਤੇ ਅਨਵਿਨ ਪਾਰਕ ਦੇ ਵਿਆਪਕ ਵਿਕਾਸ ਲਈ 11 ਮਿਲੀਅਨ ਡਾਲਰ (1.1 ਕਰੋੜ ਡਾਲਰ) ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਰੀ-ਨਿਊਟਨ ਤੋਂ ਸੰਸਦ ਮੈਂਬਰ ਸੁਖ ਧਾਲੀਵਾਲ ਅਤੇ ਸਰੀ ਦੀ ਮੇਅਰ ਬ੍ਰੈਂਡਾ ਲਾਕ ਨੇ ਸਾਂਝੇ ਤੌਰ ‘ਤੇ ਇਸ ਮਹੱਤਵਪੂਰਨ ਪ੍ਰਾਜੈਕਟ ਦਾ ਐਲਾਨ ਕੀਤਾ।

ਇਸ ਪ੍ਰਾਜੈਕਟ ਤਹਿਤ ਨਵਾਂ ਆਰਟੀਫ਼ਿਸ਼ਲ ਟਰਫ਼ ਖੇਡ ਮੈਦਾਨ, ਊਰਜਾ-ਕੁਸ਼ਲ ਐਲਈਡੀ ਲਾਈਟਿੰਗ, ਰੌਸ਼ਨੀ ਵਾਲੇ ਟੈਨਿਸ ਕੋਰਟ, ਕਵਰਡ ਮਲਟੀ-ਸਪੋਰਟ ਕੋਰਟ, ਸਕੇਟ ਪਾਰਕ, ਪਿਕਲਬਾਲ ਕੋਰਟਾਂ ਅਤੇ ਅਪਾਹਜ ਵਿਅਕਤੀਆਂ ਲਈ ਬਿਹਤਰ ਪਹੁੰਚਯੋਗਤਾ ਸਮੇਤ ਕਈ ਆਧੁਨਿਕ ਸਹੂਲਤਾਂ ਦਾ ਨਿਰਮਾਣ ਕੀਤਾ ਜਾਵੇਗਾ।

ਇਹ ਦੋਵੇਂ ਪਾਰਕ ਸਰੀ-ਨਿਊਟਨ ਸੰਸਦੀ ਹਲਕੇ ਅਧੀਨ ਆਉਂਦੇ ਹਨ ਅਤੇ ਇਸ ਵੱਡੇ ਪ੍ਰਾਜੈਕਟ ਨੂੰ ਮਨਜ਼ੂਰੀ ਦਿਵਾਉਣ ਵਿੱਚ ਸੰਸਦ ਮੈਂਬਰ ਸੁਖ ਧਾਲੀਵਾਲ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਫੈਡਰਲ ਸਰਕਾਰ ਨਾਲ ਪ੍ਰਭਾਵਸ਼ਾਲੀ ਤਾਲਮੇਲ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਲੰਬੇ ਸਮੇਂ ਤੋਂ ਨਿਊਟਨ ਇਲਾਕੇ ਵਿੱਚ ਖੇਡ ਅਤੇ ਮਨੋਰੰਜਨ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਨੂੰ ਉਠਾਇਆ ਸੀ, ਜਿਸ ਦਾ ਨਤੀਜਾ ਹੁਣ ਇਸ ਵੱਡੇ ਨਿਵੇਸ਼ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਐਮਪੀ ਸੁਖ ਧਾਲੀਵਾਲ ਨੇ ਕਿਹਾ ਕਿ ਇਹ ਨਿਵੇਸ਼ ਨਿਊਟਨ ਦੇ ਪਰਿਵਾਰਾਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਸਥਾਨਕ ਖੇਡ ਕਲੱਬਾਂ ਲਈ ਸਾਲ ਭਰ ਉੱਚ ਪੱਧਰੀ ਖੇਡ ਸਹੂਲਤਾਂ ਉਪਲਬਧ ਕਰਵਾਏਗਾ। ਉਨ੍ਹਾਂ ਕਿਹਾ ਕਿ ਸਰਗਰਮ ਅਤੇ ਸਿਹਤਮੰਦ ਭਾਈਚਾਰਾ ਤਿਆਰ ਕਰਨ ਲਈ ਅਜਿਹੇ ਪ੍ਰਾਜੈਕਟ ਬਹੁਤ ਮਹੱਤਵਪੂਰਨ ਹਨ।

ਮੇਅਰ ਬ੍ਰੈਂਡਾ ਲਾਕ ਨੇ ਕਿਹਾ ਕਿ ਇਹ ਨਿਵੇਸ਼ ਸਰੀ ਦੇ ਖੇਡ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ ਅਤੇ ਭਵਿੱਖ ਵਿੱਚ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਨਵੀਆਂ ਸਹੂਲਤਾਂ ਨਾਲ ਹਰ ਉਮਰ ਦੇ ਲੋਕਾਂ ਨੂੰ ਸੁਰੱਖਿਅਤ, ਆਧੁਨਿਕ ਅਤੇ ਸਾਲ ਭਰ ਵਰਤੋਂਯੋਗ ਖੇਡ ਮੈਦਾਨ ਉਪਲਬਧ ਹੋਣਗੇ।

Exit mobile version