Google search engine
Home Punjab News ਬਰਨਾਲਾ ਲਾਠੀਚਾਰਜ ਮਾਮਲਾ: ਐੱਸਸੀ ਕਮਿਸ਼ਨ ਸਖ਼ਤ, ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਹਸਪਤਾਲ...

ਬਰਨਾਲਾ ਲਾਠੀਚਾਰਜ ਮਾਮਲਾ: ਐੱਸਸੀ ਕਮਿਸ਼ਨ ਸਖ਼ਤ, ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਸਫ਼ਾਈ ਸੇਵਕਾਂ ਦਾ ਜਾਣਿਆ ਹਾਲ; ਪੁਲੀਸ ਤੋਂ 28 ਜੁਲਾਈ ਤੱਕ ਵਿਸਥਾਰਿਤ ਰਿਪੋਰਟ ਤਲਬ

ਬਰਨਾਲਾ: ਬਰਨਾਲਾ ਵਿੱਚ ਸਫ਼ਾਈ ਸੇਵਕਾਂ ਉੱਤੇ ਹੋਏ ਪੁਲੀਸ ਲਾਠੀਚਾਰਜ ਮਾਮਲੇ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਐਤਵਾਰ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਦਰਜਨ ਦੇ ਕਰੀਬ ਸਫ਼ਾਈ ਸੇਵਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨੇ ਹਸਪਤਾਲ ਦੇ ਸਿਹਤ ਅਧਿਕਾਰੀਆਂ ਤੋਂ ਵੀ ਜ਼ਖ਼ਮੀਆਂ ਦੇ ਇਲਾਜ ਅਤੇ ਸਿਹਤ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਉੱਤੇ ਹੋਇਆ ਲਾਠੀਚਾਰਜ ਬੇਹੱਦ ਨਿੰਦਣਯੋਗ ਅਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ 22 ਜੁਲਾਈ ਨੂੰ ਵਾਪਰੀ ਸੀ, ਜਿਸ ਤੋਂ ਬਾਅਦ 23 ਜੁਲਾਈ ਨੂੰ ਮੀਡੀਆ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲਿਆ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 24 ਜੁਲਾਈ ਨੂੰ ਸਬੰਧਤ ਡੀਐੱਸਪੀ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਬਰਨਾਲਾ ਪੁਲੀਸ ਨੂੰ 28 ਜੁਲਾਈ ਤੱਕ ਵਿਸਥਾਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਫ਼ਾਈ ਸੇਵਕ ਯੂਨੀਅਨ ਨੂੰ ਵੀ ਆਪਣੇ ਬਿਆਨ ਅਤੇ ਸਬੂਤ ਕਮਿਸ਼ਨ ਅੱਗੇ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਾਮਲੇ ਦੇ ਹਰ ਪੱਖ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ।

ਚੇਅਰਮੈਨ ਗੜ੍ਹੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਫ਼ਾਈ ਕਰਮਚਾਰੀਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਜਾਂ ਧੱਕੇਸ਼ਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਦੌਰਾਨ ਜੇਕਰ ਕੋਈ ਵੀ ਅਧਿਕਾਰੀ ਜਾਂ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਸਫ਼ਾਈ ਸੇਵਕਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਇਆ ਜਾਵੇਗਾ।

ਇਸ ਦੌਰੇ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਸੀਨੀਅਰ ਪੁਲੀਸ ਕਪਤਾਨ ਮੁਹੰਮਦ ਸਰਫਰਾਜ਼ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਮਿਸ਼ਨ ਵੱਲੋਂ ਪੁਲੀਸ ਨੂੰ 28 ਜੁਲਾਈ ਨੂੰ ਆਪਣੇ ਦਫ਼ਤਰ ਵਿੱਚ ਵਿਸਥਾਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ, ਜਿਸ ਦੇ ਆਧਾਰ ‘ਤੇ ਕਮਿਸ਼ਨ ਅਗਲੀ ਕਾਰਵਾਈ ਅਤੇ ਫ਼ੈਸਲਾ ਕਰੇਗਾ।

ਕਮਿਸ਼ਨ ਨੇ ਇਹ ਵੀ ਦੁਹਰਾਇਆ ਕਿ ਮਾਮਲੇ ਦੀ ਜਾਂਚ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਅਤੇ ਕਿਸੇ ਵੀ ਬੇਕਸੂਰ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਸਫ਼ਾਈ ਸੇਵਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

Exit mobile version