Google search engine
Home Punjab News ਸੰਗਰੂਰ ‘ਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼, ਪੈਟਰੋਲ...

ਸੰਗਰੂਰ ‘ਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼, ਪੈਟਰੋਲ ਬੰਬ ਹਮਲੇ ਨਾਲ ਫੈਲੀ ਦਹਿਸ਼ਤ

ਸੰਗਰੂਰ: ਸੰਗਰੂਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਦਫ਼ਤਰ ਨੂੰ ਨਿਸ਼ਾਨਾ ਬਣਾਉਂਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ 2 ਤੋਂ 2:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਉਸ ਸਮੇਂ ਦਫ਼ਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦਫ਼ਤਰ ਦੀ ਬਾਹਰੀ ਕੰਧ ‘ਤੇ ਅੱਗ ਅਤੇ ਧੂੰਏਂ ਦੇ ਸਪੱਸ਼ਟ ਨਿਸ਼ਾਨ ਮਿਲੇ ਹਨ।

ਐਤਵਾਰ ਸਵੇਰੇ ਜਦੋਂ ਭਾਜਪਾ ਦਾ ਇੱਕ ਵਰਕਰ ਦਫ਼ਤਰ ਖੋਲ੍ਹਣ ਲਈ ਪਹੁੰਚਿਆ ਤਾਂ ਉਸ ਨੇ ਕੰਧ ‘ਤੇ ਅੱਗ ਦੇ ਨਿਸ਼ਾਨ ਅਤੇ ਘਟਨਾ ਦੇ ਸਬੂਤ ਵੇਖ ਕੇ ਤੁਰੰਤ ਪਾਰਟੀ ਆਗੂਆਂ ਅਤੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲੀਸ ਦੇ ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਐੱਸ.ਪੀ. (ਡੀ) ਦਵਿੰਦਰ ਅਤਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਬੀਅਰ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਦਫ਼ਤਰ ਦੀ ਬਾਹਰੀ ਕੰਧ ਵੱਲ ਸੁੱਟਿਆ ਸੀ। ਪੁਲੀਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਟੀਮਾਂ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕੰਮ ਕਰ ਰਹੀਆਂ ਹਨ।

ਭਾਜਪਾ ਆਗੂ ਰਣਦੀਪ ਸਿੰਘ ਦਿਓਲ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਦਾ ਮਕਸਦ ਦਫ਼ਤਰ ਨੂੰ ਅੱਗ ਲਗਾਉਣਾ ਸੀ। ਉਨ੍ਹਾਂ ਕਿਹਾ ਕਿ ਦਫ਼ਤਰ ਦੀ ਕੰਧ ਤੋਂ ਉੱਪਰ ਤੱਕ ਧੂੰਏਂ ਦੇ ਨਿਸ਼ਾਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅੱਗ ਲੱਗੀ ਸੀ। ਉਨ੍ਹਾਂ ਇਸ ਘਟਨਾ ਨੂੰ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਨਾਲ ਜੋੜਦਿਆਂ ਰਾਜ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਪਹਿਲਾਂ ਵੀ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਅਤੇ ਪੁਲੀਸ ਥਾਣਿਆਂ ‘ਤੇ ਹਮਲੇ ਹੋ ਚੁੱਕੇ ਹਨ।

ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਤੁਰੰਤ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਦੇ ਦਫ਼ਤਰ, ਪੁਲੀਸ ਥਾਣੇ ਅਤੇ ਆਮ ਲੋਕ ਹੀ ਸੁਰੱਖਿਅਤ ਨਹੀਂ ਹਨ ਤਾਂ ਇਹ ਸੂਬੇ ਦੀ ਕਾਨੂੰਨ-ਵਿਵਸਥਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Exit mobile version