HomeSportਹਾਕੀ ਦੀ ਨਰਸਰੀ ਸੰਤਨਗਰ ਦਾ ਪੁੱਤ ਚਮਕਿਆ: ਰਾਜਿੰਦਰ ਸਿੰਘ ਦੀ ਹਾਕੀ ਵਿਸ਼ਵ...

ਹਾਕੀ ਦੀ ਨਰਸਰੀ ਸੰਤਨਗਰ ਦਾ ਪੁੱਤ ਚਮਕਿਆ: ਰਾਜਿੰਦਰ ਸਿੰਘ ਦੀ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਵਿੱਚ ਐਂਟਰੀ

ਸੰਤਨਗਰ: ਪੰਜਾਬ ਦੇ ਹਾਕੀ ਦੀ ਨਰਸਰੀ ਵਜੋਂ ਮਸ਼ਹੂਰ ਪਿੰਡ ਸੰਤਨਗਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਹੋਣਹਾਰ ਖਿਡਾਰੀ ਰਾਜਿੰਦਰ ਸਿੰਘ ਦੀ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਉਹ ਆਉਣ ਵਾਲੇ ਅਗਸਤ ਮਹੀਨੇ ਵਿੱਚ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਭਾਰਤ ਦੀ ਨੁਮਾਇੰਦਗੀ ਕਰੇਗਾ। ਇਸ ਉਪਲਬਧੀ ਨਾਲ ਪੂਰੇ ਪਿੰਡ, ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਇਸ ਵੇਲੇ ਰਾਜਿੰਦਰ ਸਿੰਘ ਬੰਗਲੂਰੂ ਵਿੱਚ ਭਾਰਤੀ ਹਾਕੀ ਟੀਮ ਦੇ ਸਿਖਲਾਈ ਕੈਂਪ ਵਿੱਚ ਸ਼ਾਮਲ ਹੈ, ਜਿੱਥੇ ਉਹ ਵਿਸ਼ਵ ਕੱਪ ਲਈ ਸਖ਼ਤ ਤਿਆਰੀ ਕਰ ਰਿਹਾ ਹੈ। ਉਸ ਦੀ ਚੋਣ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਰਾਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ, ਜੋ ਕਿ ਕਿੱਤੇ ਵਜੋਂ ਕਿਸਾਨ ਹਨ, ਨੇ ਦੱਸਿਆ ਕਿ ਰਾਜਿੰਦਰ ਨੂੰ ਬਚਪਨ ਤੋਂ ਹੀ ਹਾਕੀ ਨਾਲ ਬੇਹੱਦ ਲਗਾਅ ਸੀ। ਉਹ ਹਮੇਸ਼ਾ ਕਹਿੰਦਾ ਸੀ ਕਿ ਇੱਕ ਦਿਨ ਭਾਰਤ ਲਈ ਖੇਡਣਾ ਉਸ ਦਾ ਸਭ ਤੋਂ ਵੱਡਾ ਸੁਪਨਾ ਹੈ। ਅੱਜ ਉਸ ਦੀ ਭਾਰਤੀ ਟੀਮ ਵਿੱਚ ਚੋਣ ਨਾਲ ਇਹ ਸੁਪਨਾ ਸਾਕਾਰ ਹੋ ਗਿਆ ਹੈ, ਜਿਸ ‘ਤੇ ਪੂਰੇ ਪਰਿਵਾਰ ਨੂੰ ਮਾਣ ਹੈ।

ਰਾਜਿੰਦਰ ਦੇ ਕੋਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2009 ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਸ਼ੁਰੂਆਤੀ ਦਿਨਾਂ ਤੋਂ ਹੀ ਉਸ ਨੇ ਆਪਣੇ ਖੇਡ ਪ੍ਰਦਰਸ਼ਨ, ਫਿਟਨੈੱਸ ਅਤੇ ਮਿਹਨਤ ਨਾਲ ਵੱਖਰੀ ਪਛਾਣ ਬਣਾਈ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਉਸ ਦੀ ਚੋਣ ਭਾਰਤੀ ਟੀਮ ਵਿੱਚ ਕੀਤੀ ਗਈ ਹੈ।

ਹਾਕੀ ਵਿਸ਼ਵ ਕੱਪ 2026 ਦਾ ਆਯੋਜਨ 14 ਅਗਸਤ ਤੋਂ 30 ਅਗਸਤ ਤੱਕ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਵੇਗਾ। ਰਾਜਿੰਦਰ ਸਿੰਘ ਇਸ ਟੂਰਨਾਮੈਂਟ ਵਿੱਚ ਮਿਡਫੀਲਡਰ ਦੀ ਭੂਮਿਕਾ ਨਿਭਾਏਗਾ, ਜੋ ਟੀਮ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।

24 ਸਾਲਾ ਰਾਜਿੰਦਰ ਸਿੰਘ ਪਹਿਲਾਂ ਵੀ ਕਈ ਵੱਡੇ ਟੂਰਨਾਮੈਂਟਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕਾ ਹੈ। ਉਹ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਹਾਕੀ ਲੀਗ ਵਿੱਚ ਤੂਫ਼ਾਨ ਟੀਮ (ਹੈਦਰਾਬਾਦ) ਲਈ ਵੀ ਖੇਡਿਆ ਹੈ ਅਤੇ ਤਿੰਨ ਤੋਂ ਚਾਰ ਕੌਮੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ।

ਰਾਜਿੰਦਰ ਦੀ ਮਾਤਾ ਅਮਨਦੀਪ ਕੌਰ, ਜੋ ਘਰੇਲੂ ਮਹਿਲਾ ਹਨ, ਨੇ ਕਿਹਾ ਕਿ ਪੁੱਤਰ ਦੀ ਸਫ਼ਲਤਾ ਪਰਿਵਾਰ ਲਈ ਸਭ ਤੋਂ ਵੱਡਾ ਮਾਣ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵਿਸ਼ਵ ਕੱਪ ਵਿੱਚ ਵੀ ਭਾਰਤ ਦਾ ਨਾਂ ਰੌਸ਼ਨ ਕਰੇਗਾ।

ਸੰਤਨਗਰ ਪਿੰਡ ਲੰਬੇ ਸਮੇਂ ਤੋਂ ਹਾਕੀ ਦੇ ਕਈ ਨਾਮਵਰ ਖਿਡਾਰੀ ਦੇਸ਼ ਨੂੰ ਦੇ ਚੁੱਕਾ ਹੈ। ਹੁਣ ਰਾਜਿੰਦਰ ਸਿੰਘ ਦੀ ਭਾਰਤੀ ਟੀਮ ਵਿੱਚ ਚੋਣ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਧਰਤੀ ਅੱਜ ਵੀ ਹਾਕੀ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਜਨਮ ਦੇ ਰਹੀ ਹੈ। ਪਿੰਡ ਦੇ ਨੌਜਵਾਨਾਂ ਲਈ ਵੀ ਰਾਜਿੰਦਰ ਦੀ ਇਹ ਉਪਲਬਧੀ ਇੱਕ ਵੱਡੀ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੈ।

ਹੁਣ ਸਭ ਦੀਆਂ ਨਜ਼ਰਾਂ ਅਗਸਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ‘ਤੇ ਟਿਕੀਆਂ ਹਨ, ਜਿੱਥੇ ਪੰਜਾਬ ਦਾ ਇਹ ਹੋਣਹਾਰ ਮਿਡਫੀਲਡਰ ਭਾਰਤੀ ਤਿਰੰਗੇ ਦੀ ਸ਼ਾਨ ਵਧਾਉਣ ਲਈ ਮੈਦਾਨ ਵਿੱਚ ਉਤਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments