ਨੀਦਰਲੈਂਡ ਅਤੇ ਬੈਲਜੀਅਮ ਵਿੱਚ ਅਗਲੇ ਮਹੀਨੇ ਹੋਣ ਵਾਲੇ ਐੱਫਆਈਐੱਚ ਹਾਕੀ ਵਿਸ਼ਵ ਕੱਪ ਦੌਰਾਨ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਜਰਸੀ ਦੀ ਬਜਾਏ ਕੇਸਰੀ ਰੰਗ ਦੀ ਕਿੱਟ ਵਿੱਚ ਮੈਦਾਨ ਵਿੱਚ ਉਤਰਣਗੀਆਂ। ਹਾਕੀ ਇੰਡੀਆ ਦੇ ਇਸ ਫ਼ੈਸਲੇ ਨੇ ਖੇਡ ਜਗਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿੱਥੇ ਕੁਝ ਲੋਕ ਇਸ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਮੰਨ ਰਹੇ ਹਨ, ਉੱਥੇ ਹੀ ਸਾਬਕਾ ਕਪਤਾਨ ਵੀਰੇਨ ਰਸਕਿਨਾ ਨੇ ਇਸ ਬਦਲਾਅ ‘ਤੇ ਸਵਾਲ ਖੜ੍ਹੇ ਕੀਤੇ ਹਨ।
ਹਾਕੀ ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਵੀਂ ਜਰਸੀ ਦੀ ਝਲਕ ਸਾਂਝੀ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਨਵਾਂ ਡਿਜ਼ਾਈਨ ਨਹੀਂ, ਸਗੋਂ ਭਾਰਤ ਦੀ ਸ਼ਾਨ, ਸੱਭਿਆਚਾਰ ਅਤੇ ਜਜ਼ਬੇ ਦੀ ਕਹਾਣੀ ਬਿਆਨ ਕਰਦੀ ਹੈ। ਸੰਸਥਾ ਅਨੁਸਾਰ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰੇ ਤੋਂ ਬਾਅਦ ਹੀ ਇਸ ਰੰਗ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਹਾਕੀ ਇੰਡੀਆ ਦਾ ਕਹਿਣਾ ਹੈ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਅਤੇ ਜਿੱਤ ਦਾ ਪ੍ਰਤੀਕ ਹੈ। ਸੰਸਥਾ ਨੇ ਦੱਸਿਆ ਕਿ ਅੱਜਕੱਲ੍ਹ ਅੰਤਰਰਾਸ਼ਟਰੀ ਹਾਕੀ ਮੈਦਾਨਾਂ ਵਿੱਚ ਨੀਲੇ ਸਿੰਥੈਟਿਕ ਟਰਫ਼ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਨੀਲੀ ਜਰਸੀ ਮੈਦਾਨ ਦੇ ਰੰਗ ਨਾਲ ਕਾਫ਼ੀ ਹੱਦ ਤੱਕ ਮਿਲ ਜਾਂਦੀ ਸੀ। ਇਸ ਵਿਜ਼ੂਅਲ ਸਮਾਨਤਾ ਕਰਕੇ ਖਿਡਾਰੀਆਂ ਨੂੰ ਇੱਕ-ਦੂਜੇ ਨੂੰ ਸਪੱਸ਼ਟ ਤੌਰ ‘ਤੇ ਦੇਖਣ ਵਿੱਚ ਦਿੱਕਤ ਆਉਂਦੀ ਸੀ।
ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਚਾਂ ਅਤੇ ਖਿਡਾਰੀਆਂ ਨੇ ਪੀਲੇ ਅਤੇ ਕੇਸਰੀ ਵਰਗੇ ਬਦਲਵੇਂ ਰੰਗਾਂ ਦੀ ਸਿਫ਼ਾਰਸ਼ ਕੀਤੀ ਸੀ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਕੇਸਰੀ ਰੰਗ ਨੂੰ ਚੁਣਿਆ ਗਿਆ। 15 ਤੋਂ 30 ਅਗਸਤ ਤੱਕ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਇਸ ਨਵੇਂ ਰੰਗ ਵਿੱਚ ਆਪਣਾ ਜਲਵਾ ਦਿਖਾਏਗੀ।
ਨਵੀਂ ਜਰਸੀ ਦੇ ਡਿਜ਼ਾਈਨ ਵਿੱਚ ਭਾਰਤੀ ਸੱਭਿਆਚਾਰ ਦੀ ਝਲਕ ਵੀ ਸਪੱਸ਼ਟ ਤੌਰ ‘ਤੇ ਨਜ਼ਰ ਆਉਂਦੀ ਹੈ। ਜਰਸੀ ‘ਤੇ ਮੰਡਲਾ ਸ਼ੈਲੀ ਤੋਂ ਪ੍ਰੇਰਿਤ ਡਿਜ਼ਾਈਨ ਬਣਾਏ ਗਏ ਹਨ, ਜਦਕਿ ਗੂੜ੍ਹੇ ਨੀਲੇ ਰੰਗ ਦੇ ਪੈਟਰਨ ਅਸ਼ੋਕ ਚੱਕਰ ਤੋਂ ਪ੍ਰੇਰਿਤ ਹਨ, ਜੋ ਤਰੱਕੀ, ਸ਼ਾਂਤੀ ਅਤੇ ਇੱਕਾਗਰਤਾ ਦਾ ਪ੍ਰਤੀਕ ਮੰਨੇ ਜਾਂਦੇ ਹਨ।
ਛਾਤੀ ਉੱਤੇ ਬਣਾਇਆ ਗਿਆ ਗ੍ਰਾਫਿਕ ਸੁਦਰਸ਼ਨ ਚੱਕਰ ਦਾ ਆਧੁਨਿਕ ਰੂਪ ਹੈ, ਜੋ ਤਾਕਤ, ਏਕਤਾ ਅਤੇ ਗਤੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਜਰਸੀ ਦੇ ਮੋਢਿਆਂ ਅਤੇ ਪਾਸਿਆਂ ‘ਤੇ ਤਿਰੰਗੇ ਦੀ ਝਲਕ ਵੀ ਦਿੱਤੀ ਗਈ ਹੈ, ਜੋ ਰਾਸ਼ਟਰੀ ਮਾਣ ਨੂੰ ਹੋਰ ਮਜ਼ਬੂਤ ਕਰਦੀ ਹੈ। ਖਾਸ ਗੱਲ ਇਹ ਹੈ ਕਿ ਜਰਸੀ ਦੇ ਅੱਗੇ ‘INDIA’ ਸ਼ਬਦ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਿਆ ਗਿਆ ਹੈ, ਜੋ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ।
ਹਾਲਾਂਕਿ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪਿਕ ਗੋਲਡ ਕੁਐੱਸਟ ਦੇ ਸੀਈਓ ਵੀਰੇਨ ਰਸਕਿਨਾ ਨੇ ਇਸ ਬਦਲਾਅ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਲਿਖਿਆ ਕਿ ਭਾਰਤੀ ਹਾਕੀ ਦੀ ਪਛਾਣ ਹਮੇਸ਼ਾ ਨੀਲੀ ਜਰਸੀ ਨਾਲ ਜੁੜੀ ਰਹੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਇਸੇ ਰੰਗ ਵਿੱਚ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਨੀਲਾ ਰੰਗ ਭਾਰਤੀ ਹਾਕੀ ਦੀ ਵਿਰਾਸਤ ਅਤੇ ਮਾਣ ਦਾ ਪ੍ਰਤੀਕ ਹੈ ਅਤੇ ਇਸ ਨੂੰ ਬਦਲਣ ਦਾ ਫ਼ੈਸਲਾ ਸਮਝ ਤੋਂ ਪਰੇ ਹੈ।
ਦੂਜੇ ਪਾਸੇ, ਹਾਕੀ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਕੌਮੀ ਟੀਮ ਦੀ ਜਰਸੀ ਦੇ ਰੰਗ ਵਿੱਚ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ। ਸੰਸਥਾ ਨੇ ਯਾਦ ਦਿਵਾਇਆ ਕਿ 2014 ਦੇ ਐੱਫਆਈਐੱਚ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਪੀਲੀ ਜਰਸੀ ਵਿੱਚ ਖੇਡੀ ਸੀ, ਜਦਕਿ 2018 ਦੇ ਵਿਸ਼ਵ ਕੱਪ ਵਿੱਚ ਹਲਕੇ ਨੀਲੇ ਰੰਗ ਦੀ ਕਿੱਟ ਵਰਤੀ ਗਈ ਸੀ।
ਹਾਕੀ ਇੰਡੀਆ ਦਾ ਕਹਿਣਾ ਹੈ ਕਿ ਤਕਨੀਕੀ ਲੋੜਾਂ ਅਤੇ ਰਾਸ਼ਟਰੀ ਝੰਡੇ ਨਾਲ ਜੁੜੇ ਪ੍ਰਤੀਕਾਤਮਕ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੇਸਰੀ ਜਰਸੀ ਨੂੰ ਅਪਣਾਇਆ ਗਿਆ ਹੈ।
