Google search engine
Home Punjab News ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦਾ ਡੰਕਾ: ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ...

ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦਾ ਡੰਕਾ: ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਵਧਾਇਆ ਦੇਸ਼ ਦਾ ਮਾਣ

ਗਲਾਸਗੋ: ਗਲਾਸਗੋ ਕਾਮਨਵੈਲਥ ਖੇਡਾਂ 2026 ਵਿੱਚ ਪੰਜਾਬ ਦੇ ਹੋਣਹਾਰ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ। ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਦੇ ਹੋਏ ਲਵਪ੍ਰੀਤ ਨੇ ਆਪਣੀ ਤਾਕਤ, ਮਿਹਨਤ ਅਤੇ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ, ਜਿਸ ਨਾਲ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਦਾ ਮਾਣ ਵਧਿਆ ਹੈ।

ਅੰਤਰਰਾਸ਼ਟਰੀ ਮੰਚ ’ਤੇ ਮਿਲੀ ਇਸ ਵੱਡੀ ਸਫ਼ਲਤਾ ਤੋਂ ਬਾਅਦ ਪੰਜਾਬ ਅਤੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਖੇਡ ਪ੍ਰੇਮੀਆਂ ਅਤੇ ਪੰਜਾਬੀਆਂ ਵੱਲੋਂ ਲਵਪ੍ਰੀਤ ਸਿੰਘ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਵਪ੍ਰੀਤ ਸਿੰਘ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵਧਾਈ ਸੰਦੇਸ਼ ਜਾਰੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਲਗਾਤਾਰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਜਿੱਤ ਦੇ ਝੰਡੇ ਗੱਡ ਰਹੇ ਹਨ ਅਤੇ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ‘ਰੰਗਲੇ ਪੰਜਾਬ’ ਦਾ ਨਾਂ ਰੌਸ਼ਨ ਕਰਦੇ ਰਹਿਣਗੇ।

ਉਨ੍ਹਾਂ ਨੇ ਲਵਪ੍ਰੀਤ ਸਿੰਘ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਆਪਣੇ ਖਿਡਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਇਸ ਦੌਰਾਨ ਭਾਰਤ ਨੇ ਕਾਮਨਵੈਲਥ ਖੇਡਾਂ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਸਿਰਫ਼ 15 ਮਿੰਟਾਂ ਦੇ ਅੰਦਰ ਭਾਰਤੀ ਖਿਡਾਰੀਆਂ ਨੇ ਦੋ ਸੋਨ ਤਗਮੇ ਜਿੱਤ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਜੂਡੋ ਮੁਕਾਬਲੇ ਵਿੱਚ ਅਸਮਿਤਾ ਡੇ ਨੇ ਕੈਨੇਡਾ ਦੀ ਹੇਡੀ ਕਵਾਚ ਨੂੰ 2-1 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂ ਕੀਤਾ।

ਇਸ ਤੋਂ ਕੁਝ ਹੀ ਮਿੰਟਾਂ ਬਾਅਦ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਸ਼ ਸਿੰਘ ਨੇ ਆਸਟ੍ਰੇਲੀਆ ਦੇ ਜੇ ਕਾਟਜ਼ ਨੂੰ 10-0 ਦੇ ਵੱਡੇ ਅੰਤਰ ਨਾਲ ਹਰਾ ਕੇ ਭਾਰਤ ਨੂੰ ਦੂਜਾ ਸੋਨ ਤਗਮਾ ਦਿਵਾਇਆ।

ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੀ ਬਦੌਲਤ ਭਾਰਤ ਹੁਣ ਕਾਮਨਵੈਲਥ ਖੇਡਾਂ ਦੀ ਮੈਡਲ ਸੂਚੀ ਵਿੱਚ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਖਾਤੇ ਵਿੱਚ ਹੁਣ ਕੁੱਲ 19 ਮੈਡਲ ਹਨ, ਜਿਨ੍ਹਾਂ ਵਿੱਚ ਪੰਜ ਸੋਨ, ਦਸ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਸ਼ਾਮਲ ਹਨ।

ਭਾਰਤੀ ਖਿਡਾਰੀਆਂ ਦੀ ਇਸ ਬੇਮਿਸਾਲ ਸਫ਼ਲਤਾ ਨਾਲ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਪੰਜਾਬ ਅਤੇ ਭਾਰਤ ਦੇ ਖਿਡਾਰੀ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਅਜਿਹੀਆਂ ਕਾਮਯਾਬੀਆਂ ਹਾਸਲ ਕਰਕੇ ਦੇਸ਼ ਦਾ ਮਾਣ ਵਧਾਉਂਦੇ ਰਹਿਣਗੇ।

Exit mobile version