Google search engine
Home Entertainment ਬਾਕਸ ਆਫਿਸ ’ਤੇ ਫਿੱਕੀ ਰਹੀ ‘ਕਣਕਾਂ ਦੇ ਓਹਲੇ’ ਦੀ ਸ਼ੁਰੂਆਤ, ਪਹਿਲੇ ਦਿਨ...

ਬਾਕਸ ਆਫਿਸ ’ਤੇ ਫਿੱਕੀ ਰਹੀ ‘ਕਣਕਾਂ ਦੇ ਓਹਲੇ’ ਦੀ ਸ਼ੁਰੂਆਤ, ਪਹਿਲੇ ਦਿਨ ਕਮਾਈ ਨੇ ਵਧਾਈ ਨਿਰਮਾਤਾਵਾਂ ਦੀ ਚਿੰਤਾ

ਚੰਡੀਗੜ੍ਹ: ਪੰਜਾਬੀ ਸਿਨੇਮਾ ਇਸ ਸਮੇਂ ਚੁਣੌਤੀਆਂ ਭਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਸ ਦੀ ਤਾਜ਼ਾ ਮਿਸਾਲ ਨਵੀਂ ਰਿਲੀਜ਼ ਹੋਈ ਫਿਲਮ ‘ਕਣਕਾਂ ਦੇ ਓਹਲੇ’ ਬਣਦੀ ਨਜ਼ਰ ਆ ਰਹੀ ਹੈ। ਵੱਡੇ ਪੱਧਰ ’ਤੇ ਰਿਲੀਜ਼ ਹੋਣ ਦੇ ਬਾਵਜੂਦ ਫਿਲਮ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀ ਹੈ।

‘ਵਧਵਾ ਪ੍ਰੋਡਕਸ਼ਨ’ ਦੇ ਬੈਨਰ ਹੇਠ ਅਤੇ ‘ਪੈਨੋਰਾਮਾ ਸਟੂਡੀਓਜ਼’ ਦੇ ਸਹਿਯੋਗ ਨਾਲ ਬਣੀ ਇਸ ਭਾਵਨਾਤਮਕ ਅਤੇ ਪਰਿਵਾਰਕ ਫਿਲਮ ਦਾ ਲੇਖਣ ਗੁਰਜਿੰਦ ਮਾਨ ਨੇ ਕੀਤਾ ਹੈ, ਜਦਕਿ ਇਸ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ। 31 ਜੁਲਾਈ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਪੰਜਾਬੀ ਫਿਲਮ ਜਗਤ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

ਫਿਲਮ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਤੂ ਕੇ, ਸਾਰਥੀ ਕੇ, ਰਾਜ ਧਾਲੀਵਾਲ, ਲੱਖਾ ਲਹਿਰੀ, ਸੰਜੂ ਸੋਲੰਕੀ, ਪਰਮਿੰਦਰ ਗਿੱਲ, ਤਰਸੇਮ ਪਾਲ, ਰੁਪਿੰਦਰ ਰੂਪੀ, ਇਕਤਰ ਸਿੰਘ, ਸੁਰਭੀ ਸਿੰਗਲਾ, ਅਮਨਜੋਤ ਕੌਰ, ਤਾਨਿਆ ਮਹਾਜਨ, ਨੀਤੂ ਪੰਧੇਰ, ਮਲਕੀਤ ਰੌਣੀ ਅਤੇ ਸ਼ਿਵਮ ਸੰਜੀਵ ਸ਼ਰਮਾ ਵਰਗੇ ਕਲਾਕਾਰ ਸ਼ਾਮਲ ਹਨ।

ਪਰਿਵਾਰਕ ਰਿਸ਼ਤਿਆਂ ਅਤੇ ਜਜ਼ਬਾਤਾਂ ’ਤੇ ਆਧਾਰਿਤ ਇਸ ਫਿਲਮ ਵਿੱਚ ਗੀਤ-ਸੰਗੀਤ ਅਤੇ ਸਿਨੇਮਾਟੋਗ੍ਰਾਫੀ ਨੂੰ ਵੀ ਖਾਸ ਤਰਜੀਹ ਦਿੱਤੀ ਗਈ ਹੈ। ਫਿਲਮ ਦੀ ਸਿਨੇਮਾਟੋਗ੍ਰਾਫੀ ਈਸ਼ਾਨ ਸ਼ਰਮਾ ਨੇ ਸੰਭਾਲੀ ਹੈ, ਜਦਕਿ ਸੰਪਾਦਨ ਹਾਰਦਿਕ ਸਿੰਘ ਰੀਨ ਨੇ ਕੀਤਾ ਹੈ। ਇਸ ਦੇ ਨਾਲ ਹੀ ਰਾਜਵੀਰ ਜੰਡੂ ਨੇ ਐਸੋਸੀਏਟ ਡਾਇਰੈਕਟਰ, ਸਨੀ ਮੈਸਨ ਨੇ ਪ੍ਰੋਡਕਸ਼ਨ ਡਿਜ਼ਾਈਨਰ ਅਤੇ ਡਾ. ਕੀਰਤੀ ਸ਼ਿਓਰਾਨ ਨੇ ਕਾਸਟਿਊਮ ਡਿਜ਼ਾਈਨਰ ਵਜੋਂ ਕੰਮ ਕੀਤਾ ਹੈ।

ਫਿਲਮ ਦੇ ਗੀਤਾਂ ਨੂੰ ਗੁਰਮੋਹ ਨੇ ਸੰਗੀਤਬੱਧ ਕੀਤਾ ਹੈ, ਜਦਕਿ ਹਰਮਨਜੀਤ ਸਿੰਘ, ਫਤਿਹ ਸ਼ੇਰਗਿੱਲ ਅਤੇ ਹਰਜਿੰਦਰ ਕੰਗ ਨੇ ਗੀਤ ਲਿਖੇ ਹਨ। ਗੁਰਨਾਮ ਭੁੱਲਰ, ਕੰਵਰ ਗਰੇਵਾਲ, ਕਮਲ ਖਾਨ ਅਤੇ ਰਨਬੀਰ ਨੇ ਆਪਣੀ ਆਵਾਜ਼ ਨਾਲ ਗੀਤਾਂ ਨੂੰ ਸਜਾਇਆ ਹੈ।

ਜੇਕਰ ਫਿਲਮ ਦੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ‘ਕਣਕਾਂ ਦੇ ਓਹਲੇ’ ਨੇ ਭਾਰਤ ਵਿੱਚ ਪਹਿਲੇ ਦਿਨ ਸਿਰਫ਼ 11 ਲੱਖ ਰੁਪਏ ਦੀ ਕਮਾਈ ਕੀਤੀ ਹੈ, ਜਦਕਿ ਦੁਨੀਆ ਭਰ ਵਿੱਚ ਇਸ ਦਾ ਕੁੱਲ ਨੈੱਟ ਕਾਰੋਬਾਰ ਕਰੀਬ 2 ਕਰੋੜ ਰੁਪਏ ਰਿਹਾ ਹੈ। ਲਗਭਗ 5 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਫਿਲਮ ਲਈ ਇਹ ਅੰਕੜੇ ਨਿਰਾਸ਼ਾਜਨਕ ਮੰਨੇ ਜਾ ਰਹੇ ਹਨ।

ਫਿਲਮ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਫਿਲਮ ਦੇ ਕਾਰੋਬਾਰ ਵਿੱਚ ਕੋਈ ਵੱਡਾ ਉਛਾਲ ਨਹੀਂ ਆਉਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਲਈ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣਾ ਮੁਸ਼ਕਲ ਹੋ ਸਕਦਾ ਹੈ।

ਖਾਸ ਗੱਲ ਇਹ ਹੈ ਕਿ ਅਦਾਕਾਰ ਗੁਰਪ੍ਰੀਤ ਘੁੱਗੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘40 ਦਿਨ’ ਨੂੰ ਵੀ ਦਰਸ਼ਕਾਂ ਵੱਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਸੀ। ਹੁਣ ‘ਕਣਕਾਂ ਦੇ ਓਹਲੇ’ ਗੁਰਪ੍ਰੀਤ ਘੁੱਗੀ ਦੀ ਲਗਾਤਾਰ ਦੂਜੀ ਫਿਲਮ ਬਣ ਗਈ ਹੈ, ਜੋ ਬਾਕਸ ਆਫਿਸ ’ਤੇ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ।

ਪੰਜਾਬੀ ਫਿਲਮ ਇੰਡਸਟਰੀ ਲਈ ਇਹ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਵੱਡੇ ਬਜਟ ਅਤੇ ਮਜ਼ਬੂਤ ਸਟਾਰ ਕਾਸਟ ਦੇ ਬਾਵਜੂਦ ਦਰਸ਼ਕਾਂ ਦਾ ਰੁਝਾਨ ਸਿਨੇਮਾਘਰਾਂ ਵੱਲ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ।

Exit mobile version