ਗਲਾਸਗੋ: ਭਾਰਤ ਦੀ ਨੌਜਵਾਨ ਜੂਡੋ ਖਿਡਾਰਨ ਇਸ਼ਰੂਪ ਨਾਰੰਗ ਨੇ ਕਾਮਨਵੈਲਥ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਔਰਤਾਂ ਦੇ 78 ਕਿਲੋਗ੍ਰਾਮ ਵਰਗ ਦੇ ਕਾਂਸੀ ਤਗ਼ਮੇ ਦੇ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੰਜਾਬ ਦੀ 19 ਸਾਲਾ ਖਿਡਾਰਨ ਨੇ ਰੇਪੇਚੇਜ ਰਾਊਂਡ ਵਿੱਚ ਕੈਮਰੂਨ ਦੀ ਤਾਕਤਵਰ ਖਿਡਾਰਨ ਜੌਰਜਿਕਾ ਵੇਸਲੀ ਜੇਂਗੂ ਮੋਉਨੇ ਨੂੰ ਹਰਾ ਕੇ ਤਮਗੇ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਇਸ਼ਰੂਪ ਨੇ ਇਹ ਮੁਕਾਬਲਾ ਵਾਜ਼ਾ-ਆਰੀ ਦੇ ਆਧਾਰ ‘ਤੇ ਆਪਣੇ ਨਾਂ ਕੀਤਾ, ਜਦਕਿ ਉਸ ਦੀ ਵਿਰੋਧੀ ਖਿਡਾਰਨ ਦੋ ਯੂਕੋ ਹਾਸਲ ਕਰਨ ਦੇ ਬਾਵਜੂਦ ਜਿੱਤ ਦਰਜ ਨਾ ਕਰ ਸਕੀ।
ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਇਸ਼ਰੂਪ ਨੂੰ ਇੰਗਲੈਂਡ ਦੀ ਐਮਾ ਰੀਡ ਹੱਥੋਂ ਇੱਪੋਨ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਹ ਸੋਨ ਤਗ਼ਮੇ ਦੀ ਦੌੜ ਤੋਂ ਬਾਹਰ ਹੋ ਗਈ ਸੀ। ਚਾਰ ਮਿੰਟ ਦੇ ਇਸ ਮੁਕਾਬਲੇ ਦੌਰਾਨ ਭਾਰਤੀ ਖਿਡਾਰਨ ਨੂੰ ਦੋ ਸ਼ਿਡੋ ਜੁਰਮਾਨੇ ਮਿਲੇ, ਜਦਕਿ ਐਮਾ ਰੀਡ ਨੇ ਦੋ ਵਾਜ਼ਾ-ਆਰੀ ਅੰਕ ਹਾਸਲ ਕਰਕੇ ਜਿੱਤ ਦਰਜ ਕੀਤੀ।
ਰਾਊਂਡ ਆਫ਼-16 ਦੇ ਮੁਕਾਬਲੇ ਵਿੱਚ ਇਸ਼ਰੂਪ ਨੇ ਸਕਾਟਲੈਂਡ ਦੀ ਨਿਕੋਲ ਵੁੱਡ ਨੂੰ ਗੋਲਡਨ ਸਕੋਰ ਦੌਰਾਨ ਹਰਾਇਆ ਸੀ। ਮੁਕਾਬਲੇ ਦੇ ਪੰਜ ਮਿੰਟ ਅਤੇ 40 ਸਕਿੰਟ ਬਾਅਦ ਇਸ਼ਰੂਪ ਨੇ ਫ਼ੈਸਲਾਕੁੰਨ ਯੂਕੋ ਹਾਸਲ ਕਰਕੇ ਜਿੱਤ ਆਪਣੇ ਨਾਂ ਕੀਤੀ ਸੀ।
ਦੂਜੇ ਪਾਸੇ, ਪੁਰਸ਼ਾਂ ਦੇ 100 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੇ ਅਵਤਾਰ ਸਿੰਘ ਆਪਣਾ ਪਹਿਲਾ ਹੀ ਮੁਕਾਬਲਾ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਸਾਈਪ੍ਰਸ ਦੇ ਅਰਿਸਤੋਸ ਮਾਈਕਲ ਨੇ ਉਨ੍ਹਾਂ ਨੂੰ ਇੱਪੋਨ ਨਾਲ ਹਰਾਇਆ।
ਇਸੇ ਤਰ੍ਹਾਂ 100 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਭਾਰਤ ਦੇ ਯਸ਼ ਘੰਗਾਸ ਨੂੰ ਵੇਲਜ਼ ਦੇ ਜੋਸ਼ੂਆ ਵ੍ਹਾਈਟਹਾਊਸ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵ੍ਹਾਈਟਹਾਊਸ ਨੇ ਮੁਕਾਬਲੇ ਦੇ ਅੱਧ ਵਿਚਾਲੇ ਇੱਕ ਅਹਿਮ ਯੂਕੋ ਹਾਸਲ ਕਰਕੇ ਆਪਣੀ ਬੜ੍ਹਤ ਕਾਇਮ ਰੱਖੀ।
ਘੰਗਾਸ ਨੂੰ ਮੁਕਾਬਲੇ ਦੌਰਾਨ ਦੋ ਸ਼ਿਡੋ ਜੁਰਮਾਨੇ ਵੀ ਮਿਲੇ, ਜਿਸ ਕਾਰਨ ਉਹ ਵਾਪਸੀ ਕਰਨ ਵਿੱਚ ਨਾਕਾਮ ਰਹੇ।
ਜ਼ਿਕਰਯੋਗ ਹੈ ਕਿ ਜੂਡੋ ਵਿੱਚ ਯੂਕੋ ਉਸ ਵੇਲੇ ਦਿੱਤਾ ਜਾਂਦਾ ਹੈ ਜਦੋਂ ਵਿਰੋਧੀ ਖਿਡਾਰੀ ਆਪਣੀ ਪਿੱਠ ਜਾਂ ਉਸ ਦੇ ਨੇੜੇ ਡਿੱਗਦਾ ਹੈ ਜਾਂ ਕੁਝ ਸਮੇਂ ਲਈ ਪਕੜ ਬਣਾਈ ਰੱਖੀ ਜਾਂਦੀ ਹੈ, ਜਦਕਿ ਇੱਪੋਨ ਸਭ ਤੋਂ ਵੱਡਾ ਸਕੋਰ ਹੁੰਦਾ ਹੈ, ਜੋ ਮੈਚ ਦਾ ਤੁਰੰਤ ਫ਼ੈਸਲਾ ਕਰ ਦਿੰਦਾ ਹੈ।
ਹੁਣ ਸਾਰਿਆਂ ਦੀਆਂ ਨਜ਼ਰਾਂ ਇਸ਼ਰੂਪ ਨਾਰੰਗ ਦੇ ਕਾਂਸੀ ਤਗ਼ਮੇ ਦੇ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਉਹ ਭਾਰਤ ਲਈ ਇੱਕ ਹੋਰ ਤਮਗਾ ਜਿੱਤਣ ਦੀ ਕੋਸ਼ਿਸ਼ ਕਰੇਗੀ।
