Google search engine
Home Global ਫਿਲੌਰ ਤੋਂ ਬ੍ਰਿਟੇਨ ਤੱਕ ਦਾ ਸਫ਼ਰ: ਨਿਰਮਲ ਸਹਿਗਲ ਨੇ ਰਚਿਆ ਇਤਿਹਾਸ, ਬਣੀ...

ਫਿਲੌਰ ਤੋਂ ਬ੍ਰਿਟੇਨ ਤੱਕ ਦਾ ਸਫ਼ਰ: ਨਿਰਮਲ ਸਹਿਗਲ ਨੇ ਰਚਿਆ ਇਤਿਹਾਸ, ਬਣੀ ਪੋਂਟੇਲੈਂਡ ਦੀ ਪਹਿਲੀ ਪੰਜਾਬੀ ਮੇਅਰ

ਫਿਲੌਰ/ਲੰਡਨ: ਪੰਜਾਬ ਦੇ ਫਿਲੌਰ ਸ਼ਹਿਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਫਿਲੌਰ ਵਿੱਚ ਜਨਮੀ ਅਤੇ ਪਲੀ-ਬੜੀ 77 ਸਾਲਾ ਨਿਰਮਲ ਸਹਿਗਲ ਨੂੰ ਯੂਨਾਈਟਿਡ ਕਿੰਗਡਮ ਦੇ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਇਸ ਉਪਲਬਧੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਨਿਰਮਲ ਸਹਿਗਲ ਦੇ ਪਿਤਾ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਵਜੋਂ ਸੇਵਾਵਾਂ ਨਿਭਾਉਂਦੇ ਸਨ। ਨਿਰਮਲ ਨੇ ਆਪਣੀ ਮੁੱਢਲੀ ਪੜ੍ਹਾਈ ਫਿਲੌਰ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਤੋਂ ਗ੍ਰੈਜੂਏਸ਼ਨ ਅਤੇ ਡੀਏਵੀ ਕਾਲਜ, ਜਲੰਧਰ ਤੋਂ ਅੰਗਰੇਜ਼ੀ ਵਿਸ਼ੇ ਵਿੱਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ।

ਮਾਰਚ 1969 ਵਿੱਚ ਨਿਰਮਲ ਸਹਿਗਲ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਯੂਕੇ ਚਲੀ ਗਈ। ਉੱਥੇ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਸਮਾਜ ਸੇਵਾ ਨਾਲ ਜੁੜ ਗਈ ਅਤੇ ਖ਼ਾਸ ਤੌਰ ‘ਤੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਮਦਦ ਲਈ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਪ੍ਰਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਕੰਮ, ਅਨੁਵਾਦ ਸੇਵਾਵਾਂ, ਹਸਪਤਾਲੀ ਸਹਾਇਤਾ ਅਤੇ ਹੋਰ ਪ੍ਰਸ਼ਾਸਨਿਕ ਕਾਰਵਾਈਆਂ ਵਿੱਚ ਮਦਦ ਮੁਹੱਈਆ ਕਰਵਾਈ। ਸਾਲ 1980 ਵਿੱਚ ਉਨ੍ਹਾਂ ਦੇ ਪਰਿਵਾਰ ਨੇ ਲੀਮਿੰਗਟਨ ਪੋਸਟ ਆਫਿਸ ਦਾ ਪ੍ਰਬੰਧ ਸੰਭਾਲਿਆ, ਜਿੱਥੋਂ ਉਨ੍ਹਾਂ ਨੇ ਆਪਣੀ ਸਮਾਜ ਸੇਵਾ ਨੂੰ ਹੋਰ ਅੱਗੇ ਵਧਾਇਆ।

ਨਿਊਕੈਸਲ ਸਥਿਤ ਹਿੰਦੂ ਮੰਦਰ ਵਿੱਚ ਟਰੱਸਟੀ ਅਤੇ ਉਪ-ਪ੍ਰਧਾਨ ਵਜੋਂ ਕੰਮ ਕਰਦਿਆਂ ਨਿਰਮਲ ਸਹਿਗਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਲਈ ਲਗਭਗ 9,000 ਪੌਂਡ ਇਕੱਠੇ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

ਨਿਰਮਲ ਸਹਿਗਲ ਪੰਜ ਸਾਲ ਪਹਿਲਾਂ ਪੋਂਟੇਲੈਂਡ ਟਾਊਨ ਕੌਂਸਲ ਲਈ ਕੌਂਸਲਰ ਚੁਣੀ ਗਈ ਸੀ। ਪਿਛਲੇ ਸਾਲ ਉਹ ਬਿਨਾਂ ਕਿਸੇ ਵਿਰੋਧ ਦੇ ਮੁੜ ਕੌਂਸਲਰ ਬਣੀ ਅਤੇ ਹੁਣ ਉਨ੍ਹਾਂ ਨੂੰ ਟਾਊਨ ਕੌਂਸਲ ਦਾ ਮੇਅਰ ਚੁਣਿਆ ਗਿਆ ਹੈ।

ਆਪਣੀ ਇਸ ਇਤਿਹਾਸਕ ਸਫਲਤਾ ਬਾਰੇ ਨਿਰਮਲ ਸਹਿਗਲ ਦਾ ਕਹਿਣਾ ਹੈ ਕਿ ਇਸ ਪਿੱਛੇ ਉਨ੍ਹਾਂ ਦੇ ਮਰਹੂਮ ਪਤੀ ਦਾ ਪਿਆਰ, ਸਹਿਯੋਗ ਅਤੇ ਹੌਸਲਾ ਸਭ ਤੋਂ ਵੱਡੀ ਤਾਕਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਸਮਾਜ ਦੀ ਭਲਾਈ ਅਤੇ ਲੋਕ ਸੇਵਾ ਲਈ ਜਾਰੀ ਰੱਖਣਗੀਆਂ।

ਨਿਰਮਲ ਸਹਿਗਲ ਦੀ ਇਹ ਪ੍ਰਾਪਤੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਬਣ ਗਈ ਹੈ।

Exit mobile version