Google search engine
Home Punjab News ਕਾਂਗਰਸ ਰੈਲੀ ’ਚ ਰਾਜਾ ਵੜਿੰਗ ਦਾ ਸਖ਼ਤ ਸੰਦੇਸ਼, ਪਾਰਟੀ ਵਿਰੋਧੀ ਗਤੀਵਿਧੀਆਂ ਕਰਨ...

ਕਾਂਗਰਸ ਰੈਲੀ ’ਚ ਰਾਜਾ ਵੜਿੰਗ ਦਾ ਸਖ਼ਤ ਸੰਦੇਸ਼, ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਟਿਕਟ ਤੋਂ ਕੀਤਾ ਇਨਕਾਰ

Punjab Congress Politics: ਫਾਜ਼ਿਲਕਾ ਦੇ ਸ਼ਾਹ ਪੈਲੇਸ ਵਿੱਚ ਹੋਈ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਅੰਦਰ ਚੱਲ ਰਹੀਆਂ ਵਿਰੋਧੀ ਗਤੀਵਿਧੀਆਂ ’ਤੇ ਤਿੱਖਾ ਰੁੱਖ ਅਪਣਾਉਂਦਿਆਂ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਅਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਰਹਿ ਕੇ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਆਗੂਆਂ ’ਤੇ ਪਾਰਟੀ ਹਾਈਕਮਾਨ ਦੀ ਪੂਰੀ ਨਜ਼ਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਖੁਦ ਅਜਿਹੇ ਆਗੂਆਂ ਬਾਰੇ ਰਿਪੋਰਟਾਂ ਲੈ ਰਹੇ ਹਨ ਅਤੇ ਭਵਿੱਖ ਵਿੱਚ ਟਿਕਟਾਂ ਦੀ ਵੰਡ ਦੌਰਾਨ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਬਿਨਾਂ ਕਿਸੇ ਆਗੂ ਦਾ ਨਾਮ ਲਏ ਕਿਹਾ ਕਿ ਜਿਹੜੇ ਲੋਕ ਆਪਣੇ ਲਈ ਦੋ-ਦੋ ਟਿਕਟਾਂ ਦੀ ਉਮੀਦ ਰੱਖਦੇ ਹਨ, ਉਹ ਭੁਲੇਖੇ ਵਿੱਚ ਹਨ। ਵੜਿੰਗ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਅਤੇ ਜਿਸ ਵਿਅਕਤੀ ਦੇ ਭਾਜਪਾ ਨਾਲ ਸਬੰਧ ਰਹੇ ਹੋਣ, ਉਸ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਜਾਵੇਗੀ।

ਵੜਿੰਗ ਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਦੇ ਅਹੁਦੇ ’ਤੇ ਰਹੇ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਰਨ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਦੇ ਇਸ ਬਿਆਨ ਨੂੰ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਗੌਰਤਲਬ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਗੁਰੂਹਰਸਹਾਇ ਵਿੱਚ ਹੋਈ ਇੱਕ ਰੈਲੀ ਦੌਰਾਨ ਰਾਜਾ ਵੜਿੰਗ ਨੇ ਰਮਿੰਦਰ ਆਵਲਾ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਅਜਿਹਾ ਆਗੂ ਹੈ ਜੋ ਆਪਣੀਆਂ ਟਿਕਟਾਂ ਖੁਦ ਤੈਅ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਹੁਣ ਸਿਆਸੀ ਹਾਲਾਤ ਬਦਲਣ ਨਾਲ ਵੜਿੰਗ ਦੇ ਸੁਰ ਵੀ ਬਦਲੇ ਹੋਏ ਨਜ਼ਰ ਆ ਰਹੇ ਹਨ।

ਦਰਅਸਲ, ਰਮਿੰਦਰ ਆਵਲਾ ਨੂੰ ਹਾਲੀਆ ਦਿਨਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

ਰੈਲੀ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਸਮਰਥਕਾਂ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਇਲਾਵਾ ਜਲਾਲਾਬਾਦ ਹਲਕੇ ਤੋਂ ਸੰਭਾਵੀ ਉਮੀਦਵਾਰ ਰਾਜ ਬਖ਼ਸ਼ ਕੰਬੋਜ ਅਤੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਵੀ ਹੋਈ। ਦੋਵਾਂ ਧਿਰਾਂ ਨੇ ਇੱਕ-ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਕੁਝ ਸਮੇਂ ਲਈ ਤਣਾਅ ਵਾਲਾ ਮਾਹੌਲ ਬਣ ਗਿਆ। ਹਾਲਾਂਕਿ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ।

ਕਾਂਗਰਸ ਦੀ ਇਸ ਰੈਲੀ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਹਾਲੇ ਵੀ ਜਾਰੀ ਹੈ ਅਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਟਿਕਟਾਂ ਨੂੰ ਲੈ ਕੇ ਸਿਆਸੀ ਤਣਾਅ ਹੋਰ ਵੱਧ ਸਕਦਾ ਹੈ।

Exit mobile version