Google search engine

ਗ਼ਜ਼ਲ

ਗ਼ਜ਼ਲ

🔹ਗੁਰਭਜਨ ਗਿੱਲ

ਵੇਲ ਬੂਟਿਆਂ ਦਾ ਮਨ ਮਸਤਕ ਪੱਤਰਾਂ ਉੱਤੋਂ ਪੜ੍ਹ ਸਕਦੇ ਹੋ।

ਫੁੱਲ ਪੱਤੀਆਂ ਖ਼ੁਸ਼ਬੋਈਆਂ ਥਾਣੀਂ, ਕੁਦਰਤ ਅੰਦਰ ਵੜ ਸਕਦੇ ਹੋ।

ਪੱਤੇ ਪੱਤੇ ਲਿਖੀ ਇਬਾਰਤ, ਜੇਕਰ ਪੜ੍ਹਨਾ ਸਿੱਖ ਲਵੋ ਤਾਂ,

ਹਰਫ਼ ਹਰਫ਼ ਪੌੜੀ ਦਰ ਪੌੜੀ, ਸਰਬ ਚੋਟੀਆਂ ਚੜ੍ਹ ਸਕਦੇ ਹੋ।

ਡੂੰਘੀ ਜੜ੍ਹ ਦਾ ਓਟ ਆਸਰਾ, ਤਣਾ ਟਾਹਣੀਆਂ ਸਮਰੱਥ ਜੇਕਰ,

ਝੱਖੜ, ਤੇਜ਼ ਤੂਫ਼ਾਨਾਂ ਅੱਗੇ,ਸਾਬਤ ਕਦਮੀਂ ਅੜ ਸਕਦੇ ਹੋ।

ਹੋਰ ਕਿਸੇ ਦਾ ਚਾਅ ਨਾ ਸਹਿਣਾ,ਆਪਣੇ ਸੰਗ ਹੀ ਉੱਠਣਾ ਬਹਿਣਾ,

ਚੌਵੀ ਘੰਟੇ ਬਿਨ ਬਾਲਣ ਤੋਂ ਆਪਣੀ ਅੰਗ ਵਿੱਚ ਸੜ ਸਕਦੇ ਹੋ।

ਇਹ ਸਾਰਾ ਕੁਝ ਸੋਚ ਤੇ ਨਿਰਭਰ, ਉੱਬਲਣੈਂ ਜਾਂ ਸੜ ਬਲ਼ ਜਾਣੈਂ,

ਜੇ ਚਾਹੋ ਤਾਂ ਮੱਠੀ ਅੱਗ ਤੇ ,ਵਿੱਚ ਕਾੜ੍ਹਨੀ ਕੜ੍ਹ ਸਕਦੇ ਹੋ।

ਕਾਲ਼ੀ ਰਾਤ ਹਨ੍ਹੇਰ ਚੁਫ਼ੇਰੇ,ਕੀ ਹੋਇਆ ਜੇ ਰਾਹ ਨਹੀਂ ਦਿਸਦਾ,

ਜੁਗਨੂੰ ਆਸ ਉਮੀਦਾਂ ਵਾਲੇ ਅੰਬਰੀਂ ਉੱਡਦੇ ਫੜ ਸਕਦੇ ਹੋ।

ਵਿੰਗ ਤੜਿੰਗੀਆਂ ਲੀਕਾਂ ਵਿੱਚ ਵੀ,ਨਕਸ਼ ਨਵੇਲੇ ਹਰ ਦਮ ਹਾਜ਼ਰ,

ਓਥੋਂ ਲੈ ਕੇ ਖ਼੍ਹਾਬ ਉਧਾਰੇ ਸੋਹਣੀ ਸੂਰਤ ਘੜ ਸਕਦੇ ਹੋ।

ਮਹਿੰਗੇ ਹੀਰੇ, ਲਾਲ ਨਗੀਨੇ ਅਣਵਿੱਧ ਮੋਤੀ, ਜੋ ਕੁਝ ਚਾਹੋ,

ਘਾਹ ਦੀ ਤਿੜ ਤੋਂ ਆਪ ਬਣਾਈ, ਦਿਲ – ਮੁੰਦਰੀ ਵਿੱਚ ਮੜ੍ਹ ਸਕਦੇ ਹੋ।

🟢

Exit mobile version