Google search engine
Home Punjab News ਐੱਸਜੀਪੀਸੀ ਅਤੇ ਜੀਟੀਸੀ ਵਿਚਾਲੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵਿਵਾਦ ਗਹਿਰਾਇਆ, ਸਿੱਧਾ...

ਐੱਸਜੀਪੀਸੀ ਅਤੇ ਜੀਟੀਸੀ ਵਿਚਾਲੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵਿਵਾਦ ਗਹਿਰਾਇਆ, ਸਿੱਧਾ ਪ੍ਰਸਾਰਣ ਅਸਥਾਈ ਤੌਰ ’ਤੇ ਬੰਦ

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਜੀਟੀਸੀ ਨੈੱਟਵਰਕ ਵਿਚਾਲੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਐੱਸਜੀਪੀਸੀ ਵੱਲੋਂ ਕਾਨੂੰਨੀ ਇਤਰਾਜ਼ ਜਤਾਉਣ ਤੋਂ ਬਾਅਦ ਜੀਟੀਸੀ ਨੈੱਟਵਰਕ ਨੇ ਆਪਣੇ ਸਾਰੇ ਪਲੇਟਫਾਰਮਾਂ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ।

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਸਾਰੇ ਅਧਿਕਾਰ ਸਿਰਫ਼ ਐੱਸਜੀਪੀਸੀ ਕੋਲ ਰਾਖਵੇਂ ਹਨ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਅਧਿਕਾਰਤ ਕੀਤੇ ਗਏ ਪਲੇਟਫਾਰਮਾਂ ਤੋਂ ਇਲਾਵਾ ਕੋਈ ਵੀ ਚੈਨਲ, ਵੈੱਬਸਾਈਟ, ਯੂ-ਟਿਊਬ ਚੈਨਲ ਜਾਂ ਸੋਸ਼ਲ ਮੀਡੀਆ ਮਾਧਿਅਮ ਗੁਰਬਾਣੀ ਦੇ ਪ੍ਰਸਾਰਣ ਨੂੰ ਰੀ-ਸਟ੍ਰੀਮ, ਡਾਊਨਲੋਡ ਜਾਂ ਦੁਬਾਰਾ ਅੱਪਲੋਡ ਨਹੀਂ ਕਰ ਸਕਦਾ।

ਦੂਜੇ ਪਾਸੇ, ਜੀਟੀਸੀ ਨੈੱਟਵਰਕ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਡਾ. ਰਬਿੰਦਰ ਨਾਰਾਇਣ ਨੇ ਐੱਸਜੀਪੀਸੀ ਨੂੰ ਉਦਾਰਤਾ ਦਿਖਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਸੰਦੇਸ਼ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਜੀਟੀਸੀ ਇਸ ਕੰਮ ਨੂੰ ਸਿਰਫ਼ ਸੇਵਾ ਭਾਵਨਾ ਨਾਲ ਕਰ ਰਿਹਾ ਹੈ।

ਡਾ. ਨਾਰਾਇਣ ਨੇ ਕਿਹਾ, “ਅਸੀਂ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ। ਸਾਡਾ ਮਕਸਦ ਸਿਰਫ਼ ਗੁਰਬਾਣੀ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਅਸੀਂ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਇਹ ਸੇਵਾ ਕਰ ਰਹੇ ਹਾਂ ਅਤੇ ਐੱਸਜੀਪੀਸੀ ਨੂੰ ਵੱਡਾ ਦਿਲ ਦਿਖਾਉਂਦਿਆਂ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ।”

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸ਼ਾਮ ਦੇ ਸਮੇਂ ਗੁਰਬਾਣੀ ਦਾ ਪ੍ਰਸਾਰਣ ਰੋਕਿਆ ਗਿਆ, ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੀ ਸੰਗਤ ਵੱਲੋਂ ਭਾਰੀ ਪ੍ਰਤੀਕਿਰਿਆ ਸਾਹਮਣੇ ਆਈ। ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ਤੋਂ ਲਗਾਤਾਰ ਫੋਨ ਅਤੇ ਸੁਨੇਹੇ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਸੰਗਤ ਨੇ ਗੁਰਬਾਣੀ ਦੇ ਦਰਸ਼ਨ-ਦੀਦਾਰ ਤੋਂ ਵਾਂਝੇ ਰਹਿਣ ’ਤੇ ਨਾਰਾਜ਼ਗੀ ਜਤਾਈ।

ਡਾ. ਨਾਰਾਇਣ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਐੱਸਜੀਪੀਸੀ ਵੱਲੋਂ ਕਾਨੂੰਨੀ ਨੋਟਿਸ ਮਿਲ ਚੁੱਕਾ ਹੈ ਅਤੇ ਉਹ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ, “ਜੇ ਲੋੜ ਪਈ ਤਾਂ ਅਸੀਂ ਅਦਾਲਤ ਵਿੱਚ ਆਪਣਾ ਪੱਖ ਰੱਖਾਂਗੇ, ਪਰ ਸੰਗਤ ਦੀ ਗੁਰਬਾਣੀ ਸੁਣਨ ਦੀ ਇੱਛਾ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।”

ਜੀਟੀਸੀ ਮੁਖੀ ਨੇ ਦਾਅਵਾ ਕੀਤਾ ਕਿ ਐੱਸਜੀਪੀਸੀ ਦੇ ਅਧਿਕਾਰਤ ਲਿੰਕ ਅੱਜ ਵੀ ਵੱਖ-ਵੱਖ ਮਾਧਿਅਮਾਂ ’ਤੇ ਹਜ਼ਾਰਾਂ ਵਾਰ ਸਾਂਝੇ ਕੀਤੇ ਜਾ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇ ਹੋਰ ਪਲੇਟਫਾਰਮਾਂ ’ਤੇ ਇਹ ਲਿੰਕ ਸਾਂਝੇ ਕੀਤੇ ਜਾ ਸਕਦੇ ਹਨ ਤਾਂ ਸਿਰਫ਼ ਜੀਟੀਸੀ ਨਾਲ ਹੀ ਵੱਖਰਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜੀਟੀਸੀ ਨੈੱਟਵਰਕ ਨੇ ਬੀਤੇ ਦਿਨ ਸਵੇਰੇ 3:15 ਵਜੇ ਤੋਂ ਟੈਲੀਵਿਜ਼ਨ, ਐਂਡਰਾਇਡ ਮੋਬਾਈਲ ਅਤੇ ਓਟੀਟੀ ਪਲੇਟਫਾਰਮਾਂ ’ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ, ਪਰ ਐੱਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਇਸ ਨੂੰ ਸ਼ਾਮ ਤੱਕ ਬੰਦ ਕਰਨਾ ਪਿਆ।

ਫਿਲਹਾਲ ਐੱਸਜੀਪੀਸੀ ਆਪਣੇ ਅਧਿਕਾਰਤ ਯੂ-ਟਿਊਬ ਚੈਨਲ, ਫੇਸਬੁੱਕ ਪੇਜ, ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਹਰ ਰੋਜ਼ ਤਿੰਨ ਵਾਰ ਗੁਰਬਾਣੀ ਦਾ ਪ੍ਰਸਾਰਣ ਕਰ ਰਹੀ ਹੈ। ਹਾਲਾਂਕਿ ਆਪਣਾ ਸੈਟੇਲਾਈਟ ਚੈਨਲ ਨਾ ਹੋਣ ਕਾਰਨ ਸੰਸਥਾ ਅਜੇ ਵੀ ਬਾਹਰੀ ਪ੍ਰਸਾਰਣ ਢਾਂਚੇ ’ਤੇ ਨਿਰਭਰ ਹੈ।

ਡਾ. ਰਬਿੰਦਰ ਨਾਰਾਇਣ, ਜੋ ਲੰਬੇ ਸਮੇਂ ਤੱਕ ਪੀਟੀਸੀ ਨੈੱਟਵਰਕ ਨਾਲ ਜੁੜੇ ਰਹੇ, ਅਗਸਤ 2025 ਵਿੱਚ ਵੱਖ ਹੋ ਕੇ ਜੀਟੀਸੀ ਨੈੱਟਵਰਕ ਦੀ ਸ਼ੁਰੂਆਤ ਕਰ ਚੁੱਕੇ ਹਨ। ਹੁਣ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਛਿੜਿਆ ਇਹ ਵਿਵਾਦ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

Exit mobile version