ਨਵੀਂ ਦਿੱਲੀ: ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇੱਕ ਵਾਰ ਫਿਰ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਜਾਰੀ ਅੰਕੜਿਆਂ ਅਨੁਸਾਰ, 31 ਜੁਲਾਈ ਨੂੰ ਸਮਾਪਤ ਹੋਏ ਹਫ਼ਤੇ ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10.51 ਅਰਬ ਡਾਲਰ ਵਧ ਕੇ 692.87 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਇਸ ਤੋਂ ਪਹਿਲਾਂ ਵਾਲੇ ਹਫ਼ਤੇ ਵਿੱਚ ਵੀ ਵਿਦੇਸ਼ੀ ਮੁਦਰਾ ਭੰਡਾਰ ਵਿੱਚ 6.12 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਇਹ 682.35 ਅਰਬ ਡਾਲਰ ਦੇ ਪੱਧਰ ‘ਤੇ ਸੀ। ਹਾਲਾਂਕਿ, ਇਸ ਸਾਲ ਫ਼ਰਵਰੀ ਦੇ ਅੰਤ ਵਿੱਚ ਇਹ ਭੰਡਾਰ 728.49 ਅਰਬ ਡਾਲਰ ਦੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਸੀ।
ਮਾਹਿਰਾਂ ਮੁਤਾਬਕ, ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਰੁਪਏ ‘ਤੇ ਵਧੇ ਦਬਾਅ ਕਾਰਨ ਪਿਛਲੇ ਕੁਝ ਮਹੀਨਿਆਂ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਸੀ। ਰੁਪਏ ਦੀ ਕੀਮਤ ਨੂੰ ਸਥਿਰ ਰੱਖਣ ਲਈ ਰਿਜ਼ਰਵ ਬੈਂਕ ਨੂੰ ਬਾਜ਼ਾਰ ਵਿੱਚ ਡਾਲਰ ਵੇਚ ਕੇ ਦਖ਼ਲ ਦੇਣਾ ਪਿਆ, ਜਿਸ ਦਾ ਅਸਰ ਭੰਡਾਰ ‘ਤੇ ਵੀ ਪਿਆ ਸੀ।
ਸਮੀਖਿਆ ਅਧੀਨ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਜਾਇਦਾਦਾਂ, ਜੋ ਕਿ ਕੁੱਲ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਹਨ, ਵਿੱਚ 8.75 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 564.68 ਅਰਬ ਡਾਲਰ ਤੱਕ ਪਹੁੰਚ ਗਈਆਂ।
ਇਸੇ ਦੌਰਾਨ ਦੇਸ਼ ਦੇ ਸੋਨੇ ਦੇ ਭੰਡਾਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਆਰਬੀਆਈ ਦੇ ਅੰਕੜਿਆਂ ਅਨੁਸਾਰ, ਸੋਨੇ ਦੇ ਭੰਡਾਰ ਦਾ ਮੁੱਲ 1.68 ਅਰਬ ਡਾਲਰ ਵਧ ਕੇ 104.74 ਅਰਬ ਡਾਲਰ ਹੋ ਗਿਆ ਹੈ। ਇਸ ਤੋਂ ਇਲਾਵਾ, ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸਡੀਅਰ) 4.8 ਕਰੋੜ ਡਾਲਰ ਦੇ ਵਾਧੇ ਨਾਲ 18.67 ਅਰਬ ਡਾਲਰ ਤੱਕ ਪਹੁੰਚ ਗਏ ਹਨ।
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵਿੱਚ ਭਾਰਤ ਦੇ ਰਾਖਵੇਂ ਭੰਡਾਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਹ 2.8 ਕਰੋੜ ਡਾਲਰ ਵਧ ਕੇ 4.78 ਅਰਬ ਡਾਲਰ ਹੋ ਗਿਆ ਹੈ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇਹ ਵਾਧਾ ਭਾਰਤੀ ਅਰਥਵਿਵਸਥਾ ਲਈ ਇੱਕ ਸਕਾਰਾਤਮਕ ਸੰਕੇਤ ਹੈ, ਜੋ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
