HomeIndianਪੰਜੋਖਰਾ ਸਾਹਿਬ ਮਾਮਲੇ ’ਚ ਤਣਾਅ: ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਸਿੱਖ ਸੰਗਤ ਦਾ...

ਪੰਜੋਖਰਾ ਸਾਹਿਬ ਮਾਮਲੇ ’ਚ ਤਣਾਅ: ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਸਿੱਖ ਸੰਗਤ ਦਾ ਧਰਨਾ, ਪੁਲੀਸ ਨਾਲ ਝੜਪ

ਅੰਬਾਲਾ: ਪੰਜੋਖਰਾ ਸਾਹਿਬ ਮਾਮਲੇ ਨੂੰ ਲੈ ਕੇ ਅੰਬਾਲਾ ਵਿੱਚ ਸਿੱਖ ਸੰਗਤ ਅਤੇ ਪੁਲੀਸ ਵਿਚਾਲੇ ਤਣਾਅਪੂਰਨ ਸਥਿਤੀ ਬਣ ਗਈ। ਖਾਲਿਸਤਾਨ ਵਿਰੋਧੀ ਜਥੇਬੰਦੀ ਦੇ ਆਗੂ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ’ਤੇ ਹਮਲੇ ਦੇ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸੰਗਤ ਨੇ ਕੌਮੀ ਮਾਰਗ ਜਾਮ ਕਰ ਦਿੱਤਾ।

ਇਸ ਤੋਂ ਪਹਿਲਾਂ ਸੰਗਤ ਵੱਲੋਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤ ਅੰਬਾਲਾ-ਨਾਰਾਇਣਗੜ੍ਹ ਰੋਡ ’ਤੇ ਪਹੁੰਚੀ ਅਤੇ ਰਸਤਾ ਜਾਮ ਕਰ ਦਿੱਤਾ।

ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਗਤ ਨੇ ਬਾਅਦ ਵਿੱਚ ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਧਰਨਾ ਲਾ ਦਿੱਤਾ। ਸਥਿਤੀ ਤਣਾਅਪੂਰਨ ਹੋਣ ’ਤੇ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਜਾਮ ਖੁੱਲ੍ਹਵਾਉਣ ਦੌਰਾਨ ਦਰਜਨਾਂ ਪ੍ਰਦਰਸ਼ਨਕਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਅੱਧੀ ਦਰਜਨ ਤੋਂ ਵੱਧ ਪੁਲੀਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ।

ਪੁਲੀਸ ਮੁਤਾਬਕ ਡੀਐੱਸਪੀ ਵਰਿੰਦਰ ਸਿੰਘ ਦਾ ਅੰਗੂਠਾ ਕੱਟਿਆ ਗਿਆ, ਜਦਕਿ 7-8 ਪੁਲੀਸ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ।

ਸਿੱਖ ਸੰਗਤ ਦਾ ਦੋਸ਼ ਹੈ ਕਿ ਗੁਰਸਿਮਰਨ ਸਿੰਘ ਮੰਡ ਦੀ ਸ਼ਿਕਾਇਤ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ, ਪਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਉਮੀਦ ਮੁਤਾਬਕ ਕਾਰਵਾਈ ਨਹੀਂ ਕੀਤੀ ਗਈ। ਸੰਗਤ ਨੇ ਮੰਡ ਖ਼ਿਲਾਫ਼ ਕੇਸ ਦਰਜ ਕਰਨ, ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਰੱਦ ਕਰਨ ਅਤੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਗੁਰਸਿਮਰਨ ਸਿੰਘ ਮੰਡ ਸੁਰੱਖਿਆ ਕਰਮਚਾਰੀਆਂ ਸਮੇਤ ਗੁਰਦੁਆਰਾ ਪੰਜੋਖਰਾ ਸਾਹਿਬ ਪਹੁੰਚਿਆ ਸੀ। ਇਸ ਦੌਰਾਨ ਹੋਏ ਵਿਵਾਦ ਤੋਂ ਬਾਅਦ ਭੀੜ ਅਤੇ ਨਿਹੰਗਾਂ ਵੱਲੋਂ ਮੰਡ ਦੀ ਕੁੱਟਮਾਰ ਕਰਨ ਅਤੇ ਉਸ ਦੀ ਇਨੋਵਾ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਤਣਾਅ ਵਧਣ ਦੀ ਸੂਚਨਾ ਮਿਲਣ ’ਤੇ ਆਈਜੀ ਅੰਬਾਲਾ ਪੰਕਜ ਨੈਨ ਅਤੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਭਾਰੀ ਪੁਲੀਸ ਬਲ ਸਮੇਤ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੰਗਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲੀਸ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਵਿਅਕਤੀ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹਨ, ਉਨ੍ਹਾਂ ਦੀ ਰਿਹਾਈ ਜਾਂ ਅਗਲੀ ਕਾਰਵਾਈ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਸੰਭਵ ਹੈ। ਦੇਰ ਸ਼ਾਮ ਤੱਕ ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments