‘ਦਿਮਾਗੀ ਨਕਸਲੀਆਂ’ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਦੱਸੀ, ਮਹਿਲਾ ਰਾਖਵਾਂਕਰਨ ’ਤੇ ਸਿਆਸਤ ਨਾ ਕਰਨ ਦੀ ਅਪੀਲ; ਇੱਕ ਸਾਲ ਵਿੱਚ 1 ਕਰੋੜ ਨੌਜਵਾਨਾਂ ਨੂੰ AI ਸਿਖਲਾਈ ਦੇਣ ਦਾ ਐਲਾਨ
ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਇਹ ਲਾਲ ਕਿਲ੍ਹੇ ਤੋਂ ਉਨ੍ਹਾਂ ਦਾ ਲਗਾਤਾਰ 13ਵਾਂ ਆਜ਼ਾਦੀ ਦਿਹਾੜਾ ਸੰਬੋਧਨ ਸੀ। ਪ੍ਰਧਾਨ ਮੰਤਰੀ ਨੇ ਕਰੀਬ 76 ਮਿੰਟ ਤੱਕ ਆਪਣੇ ਭਾਸ਼ਣ ਵਿੱਚ ਦੇਸ਼ ਦੀ ਸੁਰੱਖਿਆ, ਨੌਜਵਾਨਾਂ, ਮਹਿਲਾ ਰਾਖਵਾਂਕਰਨ, ਆਰਥਿਕ ਵਿਕਾਸ, ਊਰਜਾ, ਰੇਲਵੇ, ਤਕਨਾਲੋਜੀ ਅਤੇ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਟੀਚੇ ਸਮੇਤ ਕਈ ਮੁੱਦਿਆਂ ’ਤੇ ਗੱਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ‘ਦਿਮਾਗੀ ਨਕਸਲੀਆਂ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਥਿਆਰਬੰਦ ਨਕਸਲਵਾਦ ਦੇ ਖ਼ਿਲਾਫ਼ ਦੇਸ਼ ਨੇ ਵੱਡੀ ਲੜਾਈ ਲੜੀ ਹੈ, ਪਰ ਹੁਣ ਅਜਿਹੀਆਂ ਤਾਕਤਾਂ ਵੀ ਮੌਜੂਦ ਹਨ ਜੋ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਕੇ ਸਮਾਜ ਨੂੰ ਗਲਤ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਪਛਾਣ ਕੇ ਉਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਦੇਸ਼ ਦੇ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਨਿਰਮਾਣ ਨਾਲ ਜੋੜਨਾ ਹੋਵੇਗਾ।
ਮਹਿਲਾ ਰਾਖਵਾਂਕਰਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ।
ਇੱਕ ਸਾਲ ਵਿੱਚ 1 ਕਰੋੜ ਨੌਜਵਾਨਾਂ ਨੂੰ AI ਦੀ ਸਿਖਲਾਈ
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਆਉਣ ਵਾਲੇ ਇੱਕ ਸਾਲ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੇ ਹੁਨਰਾਂ ਦੀ ਸਿਖਲਾਈ ਦੇਵੇਗੀ। ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਦੇ ਦੌਰ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਦੀਆਂ ਨੌਕਰੀਆਂ ਅਤੇ ਮੌਕਿਆਂ ਲਈ ਤਿਆਰ ਕਰਨਾ ਸਰਕਾਰ ਦੀ ਵੱਡੀ ਤਰਜੀਹ ਹੈ।
ਇਸ ਤੋਂ ਇਲਾਵਾ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਲਈ ਕਈ ਮੁਕਾਬਲਾ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਦੀ ਗੱਲ ਵੀ ਪ੍ਰਧਾਨ ਮੰਤਰੀ ਨੇ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਹਾਲਾਤ ਕਿਸੇ ਵੀ ਨੌਜਵਾਨ ਦੀ ਪ੍ਰਤਿਭਾ ਅਤੇ ਅੱਗੇ ਵਧਣ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੇ ਚਾਹੀਦੇ।
ਦੁਨੀਆ ਦੇ ਸਿਖਰਲੇ ਬੈਂਕਾਂ ਵਿੱਚ ਭਾਰਤ ਦਾ ਬੈਂਕ ਲਿਆਉਣ ਦਾ ਟੀਚਾ
ਆਰਥਿਕ ਵਿਕਾਸ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਟੀਚਾ Fortune 500 ਸੂਚੀ ਵਿੱਚ ਘੱਟੋ-ਘੱਟ 50 ਭਾਰਤੀ ਕੰਪਨੀਆਂ ਨੂੰ ਸ਼ਾਮਲ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਸਿਖਰਲੇ ਪੰਜ ਬੈਂਕਾਂ ਵਿੱਚ ਭਾਰਤ ਦਾ ਘੱਟੋ-ਘੱਟ ਇੱਕ ਬੈਂਕ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀਆਂ ਕੰਸਲਟਿੰਗ ਅਤੇ ਅਕਾਊਂਟਿੰਗ ਕੰਪਨੀਆਂ ਨੂੰ ਵੀ ਵਿਸ਼ਵ ਪੱਧਰ ’ਤੇ ਆਪਣੀ ਮਜ਼ਬੂਤ ਥਾਂ ਬਣਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਦੇਸ਼ ਦੀਆਂ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਜ਼ਰੂਰੀ ਹੈ।
ਰੇਲਵੇ ਦੇ ਬਿਜਲੀਕਰਨ ਅਤੇ ਹਾਈਡ੍ਰੋਜਨ ਰੇਲ ਦਾ ਜ਼ਿਕਰ
ਰੇਲਵੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਰੇਲਵੇ ਦੇ 70 ਫੀਸਦੀ ਹਿੱਸੇ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਵਾਤਾਵਰਨ ਲਈ ਵੀ ਲਾਭਦਾਇਕ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲ ਦੀ ਸ਼ੁਰੂਆਤ ਵੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਦੀ ਤਕਨੀਕੀ ਤਰੱਕੀ ਅਤੇ ਸਾਫ਼ ਊਰਜਾ ਵੱਲ ਵਧਦੇ ਕਦਮ ਵਜੋਂ ਪੇਸ਼ ਕੀਤਾ।
ਸੋਲਰ ਊਰਜਾ ਅਤੇ ‘ਸੂਰਜ ਘਰ’ ਯੋਜਨਾ ਦਾ ਜ਼ਿਕਰ
ਊਰਜਾ ਖੇਤਰ ਵਿੱਚ ਤਰੱਕੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਸੋਲਰ ਊਰਜਾ ਦੀ ਸਮਰੱਥਾ ਲਗਭਗ 2 ਗੀਗਾਵਾਟ ਸੀ, ਜੋ ਹੁਣ ਵਧ ਕੇ 160 ਗੀਗਾਵਾਟ ਹੋ ਗਈ ਹੈ।
ਉਨ੍ਹਾਂ ‘ਪੀਐੱਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੱਖਾਂ ਘਰਾਂ ਵਿੱਚ ਸੋਲਰ ਊਰਜਾ ਨਾਲ ਜੁੜਿਆ ਕੰਮ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਯੋਜਨਾ ਕਾਰਨ ਕਈ ਪਰਿਵਾਰਾਂ ਦਾ ਬਿਜਲੀ ਬਿੱਲ ਘਟਿਆ ਹੈ ਅਤੇ ਕੁਝ ਘਰ ਵਾਧੂ ਬਿਜਲੀ ਪੈਦਾ ਕਰਕੇ ਉਸ ਨੂੰ ਵੇਚ ਕੇ ਆਮਦਨ ਵੀ ਕਰ ਰਹੇ ਹਨ।
ਪਾਈਪ ਰਾਹੀਂ ਗੈਸ ਦੀ ਸਹੂਲਤ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੇ ਲਗਭਗ 70 ਸ਼ਹਿਰਾਂ ਵਿੱਚ ਪਾਈਪ ਗੈਸ ਦੀ ਸਪਲਾਈ ਸੀ, ਜਦਕਿ ਪਿਛਲੇ ਸਾਲਾਂ ਦੌਰਾਨ ਇਸ ਦਾ ਵਿਸਥਾਰ ਸੈਂਕੜੇ ਸ਼ਹਿਰਾਂ ਤੱਕ ਕੀਤਾ ਗਿਆ ਹੈ।
2047 ਤੱਕ ਵਿਕਸਤ ਭਾਰਤ ਦਾ ਟੀਚਾ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਤਾਂ ਦੇਸ਼ ਨੂੰ ਵਿਕਸਤ ਭਾਰਤ ਦੇ ਰੂਪ ਵਿੱਚ ਦੇਖਣਾ ਉਨ੍ਹਾਂ ਦਾ ਵੱਡਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵੱਲੋਂ ਵਿਕਸਤ ਰਾਸ਼ਟਰ ਬਣਨ ਦਾ ਸੰਕਲਪ ਲੈਣ ਨਾਲ ਵਿਸ਼ਵ ਪੱਧਰ ’ਤੇ ਭਾਰਤ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ। ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਂਝੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੱਤਾ।
ਲਾਲ ਕਿਲ੍ਹੇ ’ਤੇ 21 ਤੋਪਾਂ ਦੀ ਸਲਾਮੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
80ਵੇਂ ਆਜ਼ਾਦੀ ਦਿਹਾੜੇ ਦੇ ਮੁੱਖ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਰਾਸ਼ਟਰੀ ਗੀਤ ਦੇ ਨਾਲ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਵਾਰ ਆਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਹੋਰ ਵਿਸ਼ੇਸ਼ ਬਣਾਉਣ ਲਈ ਲਾਲ ਕਿਲ੍ਹੇ ਦੇ ਕੰਪਲੈਕਸ ਵਿੱਚ ‘ਵੰਦੇ ਮਾਤਰਮ’ ਦਾ ਗਾਇਨ ਵੀ ਕੀਤਾ ਗਿਆ। ਕਰੀਬ 2,500 ਐਨਸੀਸੀ ਕੈਡਿਟਾਂ ਅਤੇ ‘ਮਾਈ ਭਾਰਤ’ ਵਾਲੰਟੀਅਰਾਂ ਨੇ ਗਿਆਨਪਥ ’ਤੇ ‘ਵੰਦੇ ਮਾਤਰਮ’ ਦੀ ਵਿਸ਼ੇਸ਼ ਆਕ੍ਰਿਤੀ ਤਿਆਰ ਕੀਤੀ।
ਸਮਾਗਮ ਵਿੱਚ ਸ਼ਾਮਲ ਹੋਣ ਲਈ ਲਗਭਗ 5,000 ਵਿਸ਼ੇਸ਼ ਮਹਿਮਾਨ ਪਹੁੰਚੇ। ਸੁਰੱਖਿਆ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਹਾਈ ਅਲਰਟ ਰੱਖਿਆ ਗਿਆ ਅਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ। ਪੂਰੇ ਸ਼ਹਿਰ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਅਤੇ ਸਮਾਗਮ ਅਤੇ ਇਸ ਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ 1,000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ।
ਰਵਾਇਤੀ ਪੱਗ ਵਿੱਚ ਨਜ਼ਰ ਆਏ ਪ੍ਰਧਾਨ ਮੰਤਰੀ
ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਵਾਇਤੀ ਲਾਲ ਰੰਗ ਦੀ ਟਾਈ-ਐਂਡ-ਡਾਈ ਪੱਗ ਵਿੱਚ ਨਜ਼ਰ ਆਏ। ਇਸ ਪੱਗ ਨੂੰ ਰਾਜਸਥਾਨੀ ਅਤੇ ਗੁਜਰਾਤੀ ਸੱਭਿਆਚਾਰ ਨਾਲ ਜੋੜਿਆ ਗਿਆ। ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ ਅਤੇ ਚਾਕਲੇਟ ਭੂਰੇ ਰੰਗ ਦੀ ਜੈਕਟ ਪਹਿਨੀ ਹੋਈ ਸੀ। ਇਸ ਦੇ ਨਾਲ ਉਨ੍ਹਾਂ ਨੇ ਕੇਸਰੀ, ਹਰੇ ਅਤੇ ਚਿੱਟੇ ਰੰਗਾਂ ਵਾਲੇ ਪਾਕੇਟ ਸਕੁਏਅਰ ਵੀ ਲਗਾਏ ਹੋਏ ਸਨ।
ਪ੍ਰਧਾਨ ਮੰਤਰੀ ਨੇ 2014 ਵਿੱਚ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਪਿਛਲੇ ਸਾਲ 2025 ਵਿੱਚ ਉਨ੍ਹਾਂ ਨੇ ਆਪਣੇ ਕਾਰਜਕਾਲ ਦਾ ਸਭ ਤੋਂ ਲੰਬਾ 103 ਮਿੰਟ ਦਾ ਆਜ਼ਾਦੀ ਦਿਹਾੜਾ ਭਾਸ਼ਣ ਦਿੱਤਾ ਸੀ, ਜਦਕਿ ਇਸ ਸਾਲ ਉਨ੍ਹਾਂ ਦਾ ਸੰਬੋਧਨ 76 ਮਿੰਟ ਦਾ ਰਿਹਾ।
