ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਹੋਰ ਨਵੀਂ ਫਿਲਮ ਜਲਦ ਵੱਡੇ ਪਰਦੇ ’ਤੇ ਦਸਤਕ ਦੇਣ ਜਾ ਰਹੀ ਹੈ। ਆਉਣ ਵਾਲੀ ਪੰਜਾਬੀ ਫਿਲਮ ‘ਸੂਹਾ ਇਨਸਾਫ਼’ 21 ਅਗਸਤ ਨੂੰ ਦੇਸ਼-ਵਿਦੇਸ਼ ਵਿੱਚ ਇਕੱਠੇ ਰਿਲੀਜ਼ ਹੋਣ ਲਈ ਤਿਆਰ ਹੈ। ਇਮੋਸ਼ਨਲ-ਡ੍ਰਾਮੈਟਿਕ ਅਤੇ ਪਰਿਵਾਰਕ ਪਿਛੋਕੜ ਵਾਲੀ ਇਹ ਫਿਲਮ ਨਵੇਂ ਚਿਹਰਿਆਂ ਅਤੇ ਭਾਵਨਾਤਮਕ ਕਹਾਣੀ ਰਾਹੀਂ ਦਰਸ਼ਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।
‘ਜੈ ਭੋਲੇ ਐਂਟਰਟੇਨਮੈਂਟ’ ਦੇ ਬੈਨਰ ਹੇਠ ਤਿਆਰ ਕੀਤੀ ਗਈ ਇਸ ਫਿਲਮ ਦੀ ਕਹਾਣੀ, ਲੇਖਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਚਾਂਦ ਕੁਮਾਰ ਨੇ ਨਿਭਾਈ ਹੈ। ਇਹ ਪਾਲੀਵੁੱਡ ਵਿੱਚ ਉਨ੍ਹਾਂ ਦੀ ਪਹਿਲੀ ਨਿਰਦੇਸ਼ਿਤ ਫਿਲਮ ਹੈ। ਫਿਲਮ ਨੂੰ ਵੱਖਰਾ ਰੂਪ ਦੇਣ ਲਈ ਉਨ੍ਹਾਂ ਵੱਲੋਂ ਕਹਾਣੀ ਅਤੇ ਨਿਰਦੇਸ਼ਨ ਦੇ ਪੱਖ ਤੋਂ ਵਿਸ਼ੇਸ਼ ਮਿਹਨਤ ਕੀਤੀ ਗਈ ਹੈ।
ਫਿਲਮ ਦਾ ਨਿਰਮਾਣ ਰੰਮੀ ਪਹਿਲਵਾਨ ਅਤੇ ਵਿੱਕੀ ਗਾਬਾ ਵੱਲੋਂ ਕੀਤਾ ਗਿਆ ਹੈ, ਜਦਕਿ ਕਾਰਤਿਕ ਗਾਬਾ ਸਹਿ-ਨਿਰਮਾਤਾ ਹਨ। ਚੰਦਰ ਮੋਹਨ ਨੀਲੇ ਨੂੰ ਫਿਲਮ ਦੇ ਰਚਨਾਤਮਕ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਰਪਨ ਸਿੰਘ ਤੇ ਰਿਤਿਕਾ ਗੋਗਨਾ ਦੀ ਪਹਿਲੀ ਲੀਡ ਜੋੜੀ
‘ਸੂਹਾ ਇਨਸਾਫ਼’ ਦਾ ਸਭ ਤੋਂ ਵੱਡਾ ਆਕਰਸ਼ਣ ਉੱਭਰਦੇ ਅਦਾਕਾਰ ਅਰਪਨ ਸਿੰਘ ਹਨ, ਜੋ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਨਾਲ ਅਦਾਕਾਰਾ ਰਿਤਿਕਾ ਗੋਗਨਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਅਰਪਨ ਸਿੰਘ ਅਤੇ ਰਿਤਿਕਾ ਗੋਗਨਾ ਪਹਿਲੀ ਵਾਰ ਲੀਡ ਜੋੜੀ ਵਜੋਂ ਦਰਸ਼ਕਾਂ ਦੇ ਸਾਹਮਣੇ ਆਉਣਗੇ। ਦੋਵਾਂ ਦੀ ਜੋੜੀ ਨੂੰ ਲੈ ਕੇ ਫਿਲਮ ਦੀ ਪਹਿਲੀ ਝਲਕ ਜਾਰੀ ਹੋਣ ਤੋਂ ਬਾਅਦ ਦਰਸ਼ਕਾਂ ਵਿੱਚ ਉਤਸੁਕਤਾ ਵਧੀ ਹੈ। ਫਿਲਮ ਦੀ ਕਹਾਣੀ ਟੁੱਟਦੇ ਅਤੇ ਮੁੜ ਜੁੜਦੇ ਰਿਸ਼ਤਿਆਂ ਦੀਆਂ ਭਾਵਨਾਵਾਂ ਦੇ ਆਲੇ-ਦੁਆਲੇ ਘੁੰਮਦੀ ਦੱਸੀ ਜਾ ਰਹੀ ਹੈ।
ਕਈ ਤਜਰਬੇਕਾਰ ਕਲਾਕਾਰ ਵੀ ਆਉਣਗੇ ਨਜ਼ਰ
ਫਿਲਮ ਵਿੱਚ ਅਰਪਨ ਸਿੰਘ ਅਤੇ ਰਿਤਿਕਾ ਗੋਗਨਾ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਜਾਣੇ-ਪਛਾਣੇ ਅਤੇ ਉੱਭਰਦੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਫਿਲਮ ਦੀ ਸਹਿ-ਕਲਾਕਾਰ ਟੀਮ ਵਿੱਚ ਸੁਨੀਤਾ ਧੀਰ, ਅਰੀਸ਼ਾਤ, ਰੇਣੂਕਾ ਰਾਜਪੂਤ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਘੁੱਲੇਸ਼ਾਹ, ਚਾਂਦ ਕੁਮਾਰ, ਜਿੰਮੀ ਗੋਬਿੰਦਗੜ੍ਹ, ਅਨਮੋਲ ਵਾਲੀਆ, ਸਾਈਨ, ਕ੍ਰਿਸ਼, ਗੁਰਪ੍ਰੀਤ ਕਾਲੜਾ ਅਤੇ ਗਰਿਮਾ ਸ਼ੇਵੀ ਸਮੇਤ ਕਈ ਕਲਾਕਾਰ ਸ਼ਾਮਲ ਹਨ।
ਇਨ੍ਹਾਂ ਤਜਰਬੇਕਾਰ ਕਲਾਕਾਰਾਂ ਦੀ ਮੌਜੂਦਗੀ ਨਾਲ ਫਿਲਮ ਦੇ ਕਿਰਦਾਰਾਂ ਅਤੇ ਕਹਾਣੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਪਹਿਲੀ ਲੁੱਕ ਸਾਹਮਣੇ ਆਉਣ ਤੋਂ ਬਾਅਦ ਫਿਲਮ ਪੰਜਾਬੀ ਸਿਨੇਮਾ ਨਾਲ ਜੁੜੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
21 ਅਗਸਤ ਨੂੰ ਦੁਨੀਆ ਭਰ ਵਿੱਚ ਰਿਲੀਜ਼
‘ਸੂਹਾ ਇਨਸਾਫ਼’ ਨੂੰ 21 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਦੇ ਗੀਤਾਂ ਨੂੰ ਅਰਪਨ ਸਿੰਘ, ਸੰਦੀਪ ਸਾਗਰ ਅਤੇ ਐੱਸਪੀ ਕੌਰ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
ਫਿਲਮ ਦੇ ਸੰਗੀਤ ਦੀ ਰਚਨਾ ਲਾਲੀ ਧਾਲੀਵਾਲ, ਅਪਾਰ ਅਤੇ ਡਾਇਪ ਵੱਲੋਂ ਕੀਤੀ ਗਈ ਹੈ। ਫਿਲਮ ਦੇ ਭਾਵਨਾਤਮਕ ਵਿਸ਼ੇ, ਪਰਿਵਾਰਕ ਕਹਾਣੀ ਅਤੇ ਨਵੇਂ ਲੀਡ ਕਲਾਕਾਰਾਂ ਦੀ ਜੋੜੀ ਨੂੰ ਦੇਖਦਿਆਂ ‘ਸੂਹਾ ਇਨਸਾਫ਼’ ਤੋਂ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਕਾਫ਼ੀ ਉਮੀਦਾਂ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਅਰਪਨ ਸਿੰਘ ਅਤੇ ਰਿਤਿਕਾ ਗੋਗਨਾ ਦੀ ਨਵੀਂ ਲੀਡ ਜੋੜੀ ਅਤੇ ਰਿਸ਼ਤਿਆਂ ਦੀ ਭਾਵਨਾਤਮਕ ਕਹਾਣੀ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਕਿੰਨਾ ਖਿੱਚ ਸਕਦੀ ਹੈ।
