ਸਰੀ ਵਿਚ ਲਿਬਰਲ ਐਮ ਪੀ ਗੁਰਬਖਸ਼ ਸੈਣੀ ਵਲੋਂ ਸਮਾਗਮ ਦਾ ਆਯੋਜਨ
ਸਰੀ – ਬੀਤੇ ਦਿਨੀ ਕੈਨੇਡਾ ਦੇ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਦੇ ਮਾਣ ਵਿਚ ਸਰੀ ਫਲੀਟਵੁੱਡ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਰੱਖੇ ਗਏ ਇਕ ਇਕ ਸਮਾਗਮ ਵਿਚ ਭਰਵਾਂ ਸਵਾਗਤ ਕੀਤਾ ਗਿਆ। ਇਹ ਸਮਾਗਮ ਵਿੱਚ ਸਰੀ ਦੀ ਮੇਅਰ ਬਰੈਂਡ ਲੌਕ ਵੀ ਸ਼ਾਮਿਲ ਹੋਏ| ਸਰੀ ਦੇ ਤਾਜ ਕਨਵੈਨਸ਼ਨ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ਼ੈਂਪੇਨ ਨੇ ਕੈਨੇਡੀਅਨ ਪ੍ਰਭੂਸੱਤਾ ਦੀ ਰੱਖਿਆ, ਆਰਥਿਕਤਾ ਦੀ ਮਜ਼ਬੂਤੀ ਦੀ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਅਰਥਵਿਵਸਥਾ ਵਿੱਚ ਮੁਕਾਬਲਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕੈਨੇਡਾ ਦੇ ਵਪਾਰਕ ਬੁਨਿਆਦੀ ਢਾਂਚੇ ਅਤੇ ਬੰਦਰਗਾਹ ਸਮਰੱਥਾ ਨੂੰ ਵਧਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਤਾਂ ਜੋ ਕੈਨੇਡੀਅਨ ਕਾਰੋਬਾਰ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਸਕਣ। ਮੰਤਰੀ ਨੇ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਵੱਡੇ ਬੁਨਿਆਦੀ ਢਾਂਚੇ ਦੇ ਨਿਰਮਾਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਵਿਸ਼ਵ ਸਾਹਮਣੇ ਆਰਥਿਕ ਮੰਦੀ ਦੀਆਂ ਚੁਣੌਤੀਆਂ, ਅਮਰੀਕਾ ਦਾ ਟੈਰਿਫ ਨੀਤੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਆਰਥਿਕ ਸੰਕਟ ਨਾਲ ਨਿਪਟਣ ਅਤੇ ਕੌਮਾਂਤਰੀ ਵਪਾਰ ਮੰਚ ਤੇ ਕੈਨੇਡਾ ਦੇ ਮਜਬੂਤ ਉਭਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਹਨਾਂ ਆਪਣੇ ਭਾਸ਼ਨ ਉਪਰੰਤ ਲੋਕਾਂ ਨੂੰ ਮਿਲਦਿਆਂ ਉਹਨਾਂ ਦੇ ਵਿਚਾਰ ਵੀ ਜਾਣੇ।
ਇਸ ਮੌਕੇ ਐਮ ਪੀ ਗੁਰਬਖਸ਼ ਸੈਣੀ ਨੇ ਅਫੋਰਡੇਬਿਲਟੀ ਤੇ ਗੱਲ ਕਰਦਿਆਂ ਬਿੱਲ ਸੀ-226 ਤਹਿਤ ਫੂਡ ਪ੍ਰਾਈਸ ਲਈ ਰਾਸ਼ਟਰੀ ਢਾਂਚਾ ਪਾਰਦਰਸ਼ਤਾ ਐਕਟ ਦੇ ਘਰੇਲੂ ਵਪਾਰ ਨੂੰ ਮਜ਼ਬੂਤ ਕਰਨ, ਮੱਧ ਵਰਗ ਲਈ ਘੱਟ ਟੈਕਸ ਅਤੇ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਦੀ ਰੱਖਿਆ ਲਈ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅਖੀਰ ਵਿਚ ਐਮ ਪੀ ਗੁਰਬਖਸ਼ ਸੈਣੀ ਨੇ ਵਿਤ ਮੰਤਰੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।





