ਉੱਤਰਾਖੰਡ ਵਿਖੇ ਸਮੁੰਦਰ ਤਲ ਤੋਂ ਲਗਪਗ 15 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਮੌਜੂਦ ਸੱਤ ਉੱਚੀਆਂ ਚੋਟੀਆਂ, ਜਿਨ੍ਹਾਂ ਨੂੰ ਸਪਤ ਸਰਿੰਗ ਵੀ ਕਿਹਾ ਜਾਂਦਾ ਹੈ, ’ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਬਦਲਣ ਦੀ ਸੇਵਾ ਮੁਕੰਮਲ ਕੀਤੀ ਗਈ ਹੈ। ਇਸ ਔਖੀ ਅਤੇ ਜੋਖ਼ਮ ਭਰੀ ਸੇਵਾ ਨੂੰ ਨਿਭਾਉਣ ਵਾਲੀ ਟੀਮ ਦਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਟੀਮ ਪਿਛਲੇ ਲਗਪਗ 40 ਸਾਲਾਂ ਤੋਂ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦੀ ਆ ਰਹੀ ਹੈ। ਇਨ੍ਹਾਂ ਸੱਤ ਚੋਟੀਆਂ ਵਿੱਚੋਂ ਸਭ ਤੋਂ ਉੱਚੀ ਚੋਟੀ ਦੀ ਉਚਾਈ ਲਗਪਗ 18 ਹਜ਼ਾਰ ਫੁੱਟ ਤੋਂ ਵੀ ਵੱਧ ਹੈ। ਇੰਨੀ ਉਚਾਈ ’ਤੇ ਪਹੁੰਚ ਕੇ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਕੋਈ ਆਮ ਕਾਰਜ ਨਹੀਂ, ਸਗੋਂ ਬੇਹੱਦ ਮੁਸ਼ਕਲ ਅਤੇ ਜੋਖ਼ਮ ਭਰਿਆ ਕਾਰਜ ਹੈ।
ਇਨ੍ਹਾਂ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਲੰਬੇ ਸਮੇਂ ਤੱਕ ਬਾਬਾ ਸ਼ੇਰ ਸਿੰਘ ਮਹਿਰਾਜ ਵੱਲੋਂ ਨਿਭਾਈ ਜਾਂਦੀ ਰਹੀ। ਬਾਬਾ ਸ਼ੇਰ ਸਿੰਘ ਦੋ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਹੀ ਇੱਕ ਟੀਮ ਵੱਲੋਂ ਇਸ ਮਹਾਨ ਸੇਵਾ ਨੂੰ ਅੱਗੇ ਜਾਰੀ ਰੱਖਿਆ ਜਾ ਰਿਹਾ ਹੈ। ਇਸ ਟੀਮ ਵਿੱਚ ਲਗਪਗ 30 ਤੋਂ 40 ਮੈਂਬਰ ਸ਼ਾਮਲ ਹਨ ਅਤੇ ਇਹ ਸਾਰੇ ਪਿੰਡ ਮਹਿਰਾਜ ਨਾਲ ਸਬੰਧਤ ਹਨ।
ਇਸ ਟੀਮ ਵੱਲੋਂ ਕੁਝ ਦਿਨ ਪਹਿਲਾਂ ਸੱਤੋਂ ਚੋਟੀਆਂ ’ਤੇ ਪਹੁੰਚ ਕੇ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਬਦਲਣ ਦੀ ਸੇਵਾ ਕੀਤੀ ਗਈ। ਬੀਤੇ ਕੱਲ੍ਹ ਜਦੋਂ ਇਹ ਟੀਮ ਗੁਰਦੁਆਰਾ ਗੋਬਿੰਦ ਘਾਟ ਵਿਖੇ ਪੁੱਜੀ ਤਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਭਾਈ ਸੇਵਾ ਸਿੰਘ ਵੱਲੋਂ ਟੀਮ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਸੇਵਾ ਦੌਰਾਨ ਦੋ ਕਾਰਜ ਸਭ ਤੋਂ ਅਹਿਮ ਅਤੇ ਔਖੇ ਹੁੰਦੇ ਹਨ। ਇਨ੍ਹਾਂ ਵਿੱਚ ਪਹਿਲਾ ਕਾਰਜ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਪਗ ਛੇ ਕਿਲੋਮੀਟਰ ਦੀ ਦੂਰੀ ਅਤੇ ਬਹੁਤ ਜ਼ਿਆਦਾ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਜਾਣ ਵਾਲੇ ਰਸਤੇ ਨੂੰ ਤਿਆਰ ਕਰਨਾ ਹੈ। ਦੂਜਾ ਕਾਰਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਦੀਆਂ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੀ ਸੇਵਾ ਕਰਨਾ ਹੈ।
ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਸਰਦੀਆਂ ਦੌਰਾਨ ਪੂਰੀ ਤਰ੍ਹਾਂ ਬਰਫ ਜੰਮੀ ਹੁੰਦੀ ਹੈ। ਇਸ ਬਰਫ ਨੂੰ ਹਟਾ ਕੇ ਯਾਤਰੀਆਂ ਲਈ ਰਸਤਾ ਤਿਆਰ ਕਰਨ ਦਾ ਕੰਮ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੀਤਾ ਜਾਂਦਾ ਹੈ। ਪਰ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੀ ਸੇਵਾ ਸਿਰਫ਼ ਇਹੀ ਟੀਮ ਆਪਣੇ ਪੱਧਰ ’ਤੇ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤ ਚੋਟੀਆਂ ਵਿੱਚੋਂ ਸਭ ਤੋਂ ਉੱਚੀ ਚੋਟੀ ਲਗਪਗ 18 ਹਜ਼ਾਰ ਫੁੱਟ ਤੋਂ ਵੀ ਵੱਧ ਉੱਚੀ ਹੈ। ਇਨ੍ਹਾਂ ਚੋਟੀਆਂ ’ਤੇ ਜਾਣ ਲਈ ਕੋਈ ਸਥਾਪਿਤ ਰਸਤਾ ਵੀ ਨਹੀਂ ਹੈ। ਟੀਮ ਦੇ ਮੈਂਬਰਾਂ ਨੂੰ ਬੇਹੱਦ ਔਖੇ ਅਤੇ ਖ਼ਤਰਨਾਕ ਪਹਾੜੀ ਰਸਤਿਆਂ ਰਾਹੀਂ ਉੱਚੀਆਂ ਚੋਟੀਆਂ ਤੱਕ ਪਹੁੰਚਣਾ ਪੈਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਟੀਮ ਵਿੱਚ ਸ਼ਾਮਲ ਜ਼ਿਆਦਾਤਰ ਮੈਂਬਰ ਖੇਤੀਬਾੜੀ ਨਾਲ ਜੁੜੇ ਹੋਏ ਅਤੇ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਕੋਲ ਉੱਚੇ ਪਹਾੜਾਂ ’ਤੇ ਚੜ੍ਹਨ ਸਬੰਧੀ ਕੋਈ ਵਿਸ਼ੇਸ਼ ਤਰਬੀਅਤ ਵੀ ਨਹੀਂ ਹੈ।
ਭਾਈ ਸੇਵਾ ਸਿੰਘ ਨੇ ਕਿਹਾ ਕਿ ਇਸ ਦੇ ਬਾਵਜੂਦ ਇਹ ਪੂਰੀ ਟੀਮ ਕੁਝ ਹੀ ਦਿਨਾਂ ਵਿੱਚ ਸੱਤੋਂ ਚੋਟੀਆਂ ’ਤੇ ਨਿਸ਼ਾਨ ਸਾਹਿਬ ਦੀ ਸੇਵਾ ਮੁਕੰਮਲ ਕਰ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਟੀਆਂ ਵਿੱਚੋਂ ਚੌਥੀ ਨੰਬਰ ਵਾਲੀ ਚੋਟੀ ’ਤੇ ਚੜ੍ਹਨ ਲਈ ਵਿਸ਼ੇਸ਼ ਤੌਰ ’ਤੇ ਵੱਡਾ ਜੋਖ਼ਮ ਉਠਾਉਣਾ ਪੈਂਦਾ ਹੈ। ਇੰਨੀ ਉਚਾਈ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਟੀਮ ਵੱਲੋਂ ਸਰੀਰ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਣ ਲਈ ਲੰਮਾ ਸਮਾਂ ਲਏ ਬਿਨਾਂ ਹੀ ਸੇਵਾ ਨੂੰ ਪੂਰਾ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਨੂੰ ਗੁਰੂ ਸਾਹਿਬ ਦੀ ਕਿਰਪਾ ਦੱਸਿਆ।
ਉਨ੍ਹਾਂ ਦੱਸਿਆ ਕਿ ਇਸ ਸੇਵਾ ਦੀ ਸ਼ੁਰੂਆਤ ਲਗਪਗ 40 ਸਾਲ ਪਹਿਲਾਂ ਬਾਬਾ ਸ਼ੇਰ ਸਿੰਘ ਮਹਿਰਾਜ ਵੱਲੋਂ ਕੀਤੀ ਗਈ ਸੀ। ਬਾਬਾ ਸ਼ੇਰ ਸਿੰਘ ਜੀ ਅੰਤ ਤੱਕ ਇਸ ਸੇਵਾ ਨਾਲ ਜੁੜੇ ਰਹੇ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉਨ੍ਹਾਂ ਦੀ ਟੀਮ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੈ ਅਤੇ ਹਰ ਸਾਲ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਹੈ।
ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚੀ ਇਸ ਸੇਵਾਦਾਰ ਟੀਮ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਇਸ ਟੀਮ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਲਈ ਬਲ, ਹਿੰਮਤ ਅਤੇ ਤੰਦਰੁਸਤੀ ਬਖ਼ਸ਼ਣ।
ਭਾਈ ਸੇਵਾ ਸਿੰਘ ਨੇ ਇਹ ਵੀ ਦੱਸਿਆ ਕਿ 20 ਮਈ ਤੋਂ ਸ਼ੁਰੂ ਹੋਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਤਹਿਤ 19 ਅਗਸਤ ਤੱਕ ਲਗਪਗ 2 ਲੱਖ 62 ਹਜ਼ਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਉਨ੍ਹਾਂ ਮੁਤਾਬਕ ਇਹ ਪਿਛਲੇ ਇੱਕ ਦਹਾਕੇ ਦੌਰਾਨ ਸ਼ਰਧਾਲੂਆਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਵਾਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ 3 ਲੱਖ ਤੋਂ ਵੀ ਵੱਧ ਹੋ ਜਾਵੇਗੀ। ਸੱਤ ਉੱਚੀਆਂ ਚੋਟੀਆਂ ’ਤੇ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਇਹ ਸੇਵਾ ਨਾ ਸਿਰਫ਼ ਸਿੱਖ ਸੰਗਤ ਦੀ ਸ਼ਰਧਾ ਅਤੇ ਸੇਵਾ-ਭਾਵਨਾ ਦੀ ਮਿਸਾਲ ਹੈ, ਸਗੋਂ ਪਹਾੜਾਂ ਦੀਆਂ ਅਤਿ ਮੁਸ਼ਕਲ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ ਨਿਸ਼ਾਨ ਸਾਹਿਬ ਪ੍ਰਤੀ ਸਮਰਪਣ ਦੀ ਇੱਕ ਵਿਲੱਖਣ ਉਦਾਹਰਨ ਵੀ ਹੈ।









