Google search engine
Home Canada ਨਾਨਕਸਰ ਸਿੱਖ ਟੈਂਪਲ ’ਤੇ ਹਮਲਾ ਬੇਹੱਦ ਗਲਤ ਤੇ ਨਾ-ਕਾਬਿਲ-ਏ-ਬਰਦਾਸ਼ਤ : ਮਨਦੀਪ ਸਿੰਘ...

ਨਾਨਕਸਰ ਸਿੱਖ ਟੈਂਪਲ ’ਤੇ ਹਮਲਾ ਬੇਹੱਦ ਗਲਤ ਤੇ ਨਾ-ਕਾਬਿਲ-ਏ-ਬਰਦਾਸ਼ਤ : ਮਨਦੀਪ ਸਿੰਘ ਧਾਲੀਵਾਲ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਰੀ ਤੋਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਨਾਨਕਸਰ ਸਿੱਖ ਟੈਂਪਲ ਵਿਖੇ ਵਾਪਰੀ ਹਿੰਸਕ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਬੇਹੱਦ ਗਲਤ ਅਤੇ ਨਾ-ਕਾਬਿਲ-ਏ-ਬਰਦਾਸ਼ਤ ਕਰਾਰ ਦਿੱਤਾ ਹੈ। ਉਨ੍ਹਾਂ ਫੇਸਬੁੱਕ ਹੈਂਡਲ ਰਾਹੀਂ ਕਿਹਾ ਕਿ ਇੱਕ ਸਿੱਖ ਪੰਜਾਬੀ ਹੋਣ ਦੇ ਨਾਤੇ ਉਹ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੇ ਹਨ ਕਿ ਕੈਨੇਡਾ ਵਿੱਚ ਕਿਸੇ ਵੀ ਸਿੱਖ ਨੂੰ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਨ, ਗੁਰਦੁਆਰਾ ਸਾਹਿਬ ਜਾਣ ਜਾਂ ਆਪਣੇ ਹੀ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਲਈ ਡਰ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਨਾਨਕਸਰ ਸਿੱਖ ਟੈਂਪਲ ਦੇ ਮੈਂਬਰਾਂ, ਇਸ ਬੇਤੁਕੀ ਹਿੰਸਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਉਨ੍ਹਾਂ ਪੀੜਤਾਂ ਦੀ ਜਲਦ ਅਤੇ ਪੂਰੀ ਸਿਹਤਯਾਬੀ ਲਈ ਅਰਦਾਸ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਸਾਰੇ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ।

ਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੀ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਫੈਡਰਲ ਸਰਕਾਰ ਨੂੰ ਜ਼ਮਾਨਤ (Bail) ਅਤੇ ਪੈਰੋਲ ਸਬੰਧੀ ਕਾਨੂੰਨਾਂ ਵਿੱਚ ਸੁਧਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਿੰਸਕ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨ ਦੀ ਪੂਰੀ ਹੱਦ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਉਹ ਭਾਈਚਾਰੇ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਧਾਰਮਿਕ ਅਸਥਾਨ ਸੁਰੱਖਿਅਤ ਹੋਣੇ ਚਾਹੀਦੇ ਹਨ, ਸਾਡੇ ਭਾਈਚਾਰੇ ਸੁਰੱਖਿਅਤ ਹੋਣੇ ਚਾਹੀਦੇ ਹਨ ਅਤੇ ਕੈਨੇਡਾ ਵਿੱਚ ਹਰ ਸਿੱਖ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।

Exit mobile version