Google search engine
Home Indian ਪੰਜਾਬ ’ਚ ਇਕੱਲੇ ਚੋਣ ਮੈਦਾਨ ਦੀ ਤਿਆਰੀ? ਭਾਜਪਾ ਸਾਰੀਆਂ 117 ਵਿਧਾਨ ਸਭਾ...

ਪੰਜਾਬ ’ਚ ਇਕੱਲੇ ਚੋਣ ਮੈਦਾਨ ਦੀ ਤਿਆਰੀ? ਭਾਜਪਾ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਲੜੇਗੀ: ਬੀ.ਐੱਸ. ਸੰਤੋਸ਼

ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੂਰੀ ਤਾਕਤ ਨਾਲ ਤਿਆਰੀ ਕਰਨ ਦੇ ਨਿਰਦੇਸ਼; 2027 ’ਚ ‘ਕਮਲ ਖਿੜਨ’ ਦਾ ਕੀਤਾ ਦਾਅਵਾ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਰਣਨੀਤੀ ਸਪੱਸ਼ਟ ਕਰਦਿਆਂ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰਨ ਦਾ ਸੰਦੇਸ਼ ਦਿੱਤਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਸ. ਸੰਤੋਸ਼ ਨੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਸਾਰੀਆਂ 117 ਸੀਟਾਂ ਨੂੰ ਧਿਆਨ ਵਿੱਚ ਰੱਖ ਕੇ ਪੂਰੀ ਤਾਕਤ ਅਤੇ ਇਕਜੁੱਟਤਾ ਨਾਲ ਚੋਣ ਤਿਆਰੀਆਂ ਵਿੱਚ ਜੁਟ ਜਾਣ।

ਅਮਰ ਆਸ਼ਰਮ ਵਿਖੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀ.ਐੱਸ. ਸੰਤੋਸ਼ ਨੇ ਪਾਰਟੀ ਆਗੂਆਂ ਨੂੰ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਚੋਣਾਂ ਲਈ ਹਰ ਪੱਧਰ ’ਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਵਰਕਰਾਂ ਦੀ ਸਰਗਰਮ ਭੂਮਿਕਾ ਯਕੀਨੀ ਬਣਾਉਣਾ ਚੋਣ ਤਿਆਰੀ ਦਾ ਮੁੱਖ ਹਿੱਸਾ ਹੋਵੇਗਾ।

ਭਾਜਪਾ ਦੇ ਪ੍ਰਮੁੱਖ ਰਣਨੀਤੀਕਾਰਾਂ ਵਿੱਚ ਸ਼ਾਮਲ ਬੀ.ਐੱਸ. ਸੰਤੋਸ਼ ਦਾ ਇਹ ਬਿਆਨ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵਿਤ ਗੱਠਜੋੜ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਦਰਮਿਆਨ ਆਇਆ ਹੈ। ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਨਿਰਦੇਸ਼ ਨੂੰ ਭਾਜਪਾ ਵੱਲੋਂ ਆਪਣੇ ਦਮ ’ਤੇ ਚੋਣ ਮੈਦਾਨ ਵਿੱਚ ਉਤਰਨ ਦੀ ਰਣਨੀਤੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਸੰਤੋਸ਼ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦਾ ‘ਕਮਲ’ ਜ਼ਰੂਰ ਖਿੜੇਗਾ। ਉਨ੍ਹਾਂ ਪਾਰਟੀ ਦੇ ਸੰਗਠਨ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਸਰਗਰਮ ਕਰਨ ਅਤੇ ਬੂਥ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।

ਮੀਟਿੰਗ ਦੌਰਾਨ ਬੀ.ਐੱਸ. ਸੰਤੋਸ਼ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਤੋਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਅਤੇ ਆਮ ਲੋਕਾਂ ਨਾਲ ਸੰਪਰਕ ਵਧਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਮੀਟਿੰਗ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰੋ. ਨਰਿੰਦਰ ਸਿੰਘ ਰੈਣਾ, ਸੰਗਠਨ ਮੰਤਰੀ ਸ੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਅਨੀਲ ਸਰੀਨ, ਪਰਨੀਤ ਕੌਰ, ਜੈਇੰਦਰ ਕੌਰ, ਗੁਰਜੀਤ ਸਿੰਘ ਕੋਹਲੀ, ਗੁਰਤੇਜ ਸਿੰਘ ਢਿੱਲੋਂ, ਕੰਵਰਵੀਰ ਸਿੰਘ ਟੌਹੜਾ, ਰਮੇਸ਼ ਗੋਇਲ ਡਕਾਲਾ, ਚਰਨਜੀਤ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।

ਇਸ ਦੌਰਾਨ ਬੀਬਾ ਜੈਇੰਦਰ ਕੌਰ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਭਾਜਪਾ ਵੱਲੋਂ ਲਗਾਏ ਗਏ ਫਲੈਕਸ ਬੋਰਡ ਅਤੇ ਪਾਰਟੀ ਦੇ ਝੰਡੇ ਹਟਾਏ ਜਾਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਇਸ ਮਾਮਲੇ ਨੂੰ ਪਾਰਟੀ ਦੀ ਮੀਟਿੰਗ ਵਿੱਚ ਰੱਖਦਿਆਂ ਸਥਾਨਕ ਪੱਧਰ ’ਤੇ ਪਾਰਟੀ ਨਾਲ ਜੁੜੇ ਮਾਮਲਿਆਂ ਸਬੰਧੀ ਚਿੰਤਾ ਪ੍ਰਗਟ ਕੀਤੀ।

ਭਾਜਪਾ ਵੱਲੋਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਦਾ ਸੰਦੇਸ਼ ਅਜਿਹੇ ਸਮੇਂ ਦਿੱਤਾ ਗਿਆ ਹੈ ਜਦੋਂ ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਹੁਣ ਸੂਬੇ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਕੇ ਹਰ ਵਿਧਾਨ ਸਭਾ ਹਲਕੇ ਵਿੱਚ ਚੋਣੀ ਮੈਦਾਨ ਲਈ ਆਪਣੀ ਤਿਆਰੀ ਪੱਕੀ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

Exit mobile version