HomeCanadaਬਰੈਂਪਟਨ ’ਚ ਪਵਨ ਦੀਵਾਨ ਤੇ ਸਤਵੀਰ ਪੱਲੀਝਿੱਕੀ ਦੀ ਸੰਸਦ ਮੈਂਬਰ ਅਮਨਦੀਪ ਕੌਰ...

ਬਰੈਂਪਟਨ ’ਚ ਪਵਨ ਦੀਵਾਨ ਤੇ ਸਤਵੀਰ ਪੱਲੀਝਿੱਕੀ ਦੀ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਮੁਲਾਕਾਤ

ਭਾਰਤ-ਕੈਨੇਡਾ ਵਪਾਰਕ ਸਬੰਧਾਂ, ਇਮੀਗ੍ਰੇਸ਼ਨ ਅਤੇ ਭਾਰਤੀ ਵਿਦਿਆਰਥੀਆਂ ਦੇ ਮੁੱਦਿਆਂ ’ਤੇ ਹੋਈ ਵਿਸਥਾਰਪੂਰਵਕ ਚਰਚਾ

ਬਰੈਂਪਟਨ (ਕੈਨੇਡਾ), 25 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ)- ਇਨ੍ਹਾਂ ਦਿਨੀਂ ਕੈਨੇਡਾ ਦੌਰੇ ’ਤੇ ਆਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਅਤੇ ਸ਼ਹੀਦ ਭਗਤ ਸਿੰਘ ਨਗਰ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਬਰੈਂਪਟਨ ਵਿਖੇ ਕੈਨੇਡੀਅਨ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਨ੍ਹਾਂ ਦੇ ਬਰੈਂਪਟਨ ਸੈਂਟਰ ਹਲਕੇ ਦੇ ਦਫ਼ਤਰ ਵਿਖੇ ਹੋਈ।

ਵਫ਼ਦ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਦੇ ਨੈਸ਼ਨਲ ਵਾਈਸ-ਪ੍ਰੈਜ਼ੀਡੈਂਟ ਹਰਦਮ ਮਾਂਗਟ, ਅਮਰਪ੍ਰੀਤ ਔਲਖ, ਯਾਦਵਿੰਦਰ ਸੋਢੀ ਅਤੇ ਅਜੀਤ ਸੋਢੀ ਵੀ ਸ਼ਾਮਲ ਸਨ। ਮੁਲਾਕਾਤ ਦੌਰਾਨ ਭਾਰਤ-ਕੈਨੇਡਾ ਸਬੰਧਾਂ, ਵਪਾਰ, ਇਮੀਗ੍ਰੇਸ਼ਨ ਅਤੇ ਭਾਰਤੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਸਮੇਤ ਕਈ ਅਹਿਮ ਮੁੱਦਿਆਂ ’ਤੇ ਉਸਾਰੂ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਵਨ ਦੀਵਾਨ ਅਤੇ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤ-ਕੈਨੇਡਾ ਮੁਕਤ ਵਪਾਰ ਸਮਝੌਤੇ ਸਬੰਧੀ ਚੱਲ ਰਹੀ ਗੱਲਬਾਤ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਸਬੰਧਤ ਅਧਿਕਾਰੀ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ। ਇਸ ਸਬੰਧੀ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਦਰਮਿਆਨ ਗੱਲਬਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਮੀਟਿੰਗ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਦੀਵਾਨ ਅਤੇ ਪੱਲੀਝਿੱਕੀ ਨੇ ਕਿਹਾ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੀਆਂ ਚਿੰਤਾਵਾਂ ਬਾਰੇ ਵੀ ਸੰਸਦ ਮੈਂਬਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਨ੍ਹਾਂ ਮੁੱਦਿਆਂ ਵਿੱਚ ਭਾਰਤ ਵਿੱਚ ਵੱਸਦੇ ਪਰਿਵਾਰਕ ਮੈਂਬਰਾਂ ਲਈ ਵੀਜ਼ਾ, ਭਾਰਤ ਵਿੱਚ ਜਾਇਦਾਦ ਨਾਲ ਸਬੰਧਤ ਮਾਮਲੇ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨਾਲ ਜੁੜੀਆਂ ਹੋਰ ਸਮੱਸਿਆਵਾਂ ਸ਼ਾਮਲ ਸਨ।

ਪਵਨ ਦੀਵਾਨ ਅਤੇ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਹੋਈ ਇਹ ਮੁਲਾਕਾਤ ਬੇਹੱਦ ਸਾਰਥਕ ਰਹੀ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਪੰਜਾਬੀ ਅਤੇ ਭਾਰਤੀ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਨੂੰ ਅੱਗੇ ਵਧਾਉਣ ਸਬੰਧੀ ਵੀ ਸਕਾਰਾਤਮਕ ਵਿਚਾਰ-ਵਟਾਂਦਰਾ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments