HomeEntertainmentਵਿਦੇਸ਼ਾਂ ’ਚ ਗੂੰਜੇਗੀ ਸਿੱਧੂ ਮੂਸੇਵਾਲਾ ਦੀ ਥਾਪੀ, ਹੋਲੋਗ੍ਰਾਮ ਰਾਹੀਂ ਹੋਣਗੇ ਲਾਈਵ ਸ਼ੋਅ

ਵਿਦੇਸ਼ਾਂ ’ਚ ਗੂੰਜੇਗੀ ਸਿੱਧੂ ਮੂਸੇਵਾਲਾ ਦੀ ਥਾਪੀ, ਹੋਲੋਗ੍ਰਾਮ ਰਾਹੀਂ ਹੋਣਗੇ ਲਾਈਵ ਸ਼ੋਅ

8 ਅਕਤੂਬਰ ਤੋਂ ਟੋਰਾਂਟੋ ’ਚ ਸ਼ੁਰੂ ਹੋਵੇਗਾ ਵਿਸ਼ੇਸ਼ ਪ੍ਰੋਗਰਾਮ; ਕੈਲਗਰੀ ਸਮੇਤ ਦਰਜਨਾਂ ਦੇਸ਼ਾਂ ’ਚ ਦਰਸ਼ਕ ਵੇਖ ਸਕਣਗੇ ਮਰਹੂਮ ਗਾਇਕ ਦੀ ਪੇਸ਼ਕਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ ਭਾਵੇਂ ਕਰੀਬ ਚਾਰ ਸਾਲ ਬੀਤ ਚੁੱਕੇ ਹਨ, ਪਰ ਹੁਣ ਉਨ੍ਹਾਂ ਦੇ ਗੀਤਾਂ ਦੀ ਥਾਪੀ ਵਿਦੇਸ਼ਾਂ ਵਿੱਚ ਮੁੜ ਗੂੰਜਣ ਜਾ ਰਹੀ ਹੈ। ਵਿਸ਼ੇਸ਼ ਹੋਲੋਗ੍ਰਾਮ ਤਕਨੀਕ ਰਾਹੀਂ ਤਿਆਰ ਕੀਤੇ ਗਏ ਸਿੱਧੂ ਮੂਸੇਵਾਲਾ ਦੇ ਲਾਈਵ ਪ੍ਰੋਗਰਾਮਾਂ ਦੀ ਸ਼ੁਰੂਆਤ 8 ਅਕਤੂਬਰ ਤੋਂ ਟੋਰਾਂਟੋ ਵਿੱਚ ਹੋਵੇਗੀ। ਇਸ ਤੋਂ ਬਾਅਦ ਕੈਲਗਰੀ ਸਮੇਤ ਦਰਜਨਾਂ ਹੋਰ ਦੇਸ਼ਾਂ ਵਿੱਚ ਵੀ ਇਹ ਪ੍ਰੋਗਰਾਮ ਦਰਸ਼ਕਾਂ ਨੂੰ ਵਿਖਾਏ ਜਾਣਗੇ।

ਇਸ ਪ੍ਰੋਗਰਾਮ ਲਈ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ ‘295’ ਦੀ ਵਿਸ਼ੇਸ਼ ਵੀਡੀਓ ਤਿਆਰ ਕੀਤੀ ਗਈ ਹੈ, ਜਿਸ ਨੂੰ 8 ਅਕਤੂਬਰ ਨੂੰ ਟੋਰਾਂਟੋ ਵਿੱਚ ਰਿਲੀਜ਼ ਕੀਤਾ ਜਾਵੇਗਾ। ਹੁਣ ਤੱਕ ਇਸ ਗੀਤ ਨੂੰ 868 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਵਿਸ਼ੇਸ਼ ਤਕਨੀਕ ਦੀ ਮਦਦ ਨਾਲ ਸਟੇਜ ਤਿਆਰ ਕੀਤੀ ਗਈ ਹੈ। ਇਸ ਦੌਰਾਨ ਅਸਮਾਨ ਤੋਂ ਆਉਂਦੀਆਂ ਕਿਰਨਾਂ ਦੀ ਮਦਦ ਨਾਲ ਮੰਚ ’ਤੇ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਨਜ਼ਰ ਆਵੇਗਾ, ਜੋ ਤੁਰਦਾ-ਫਿਰਦਾ ਅਤੇ ਗੀਤ ਗਾਉਂਦਾ ਹੋਇਆ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਪੇਸ਼ਕਾਰੀ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਦਰਸ਼ਕਾਂ ਨੂੰ ਕੁਝ ਪਲਾਂ ਲਈ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਸਿੱਧੂ ਮੂਸੇਵਾਲਾ ਮੁੜ ਉਨ੍ਹਾਂ ਦੇ ਸਾਹਮਣੇ ਆ ਗਿਆ ਹੋਵੇ।

ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਿਸ਼ੇਸ਼ ਤਕਨੀਕ ਰਾਹੀਂ ਵਿਦੇਸ਼ਾਂ ਵਿੱਚ ਸ਼ੋਅ ਕਰਨ ਵਾਲਾ ਸਿੱਧੂ ਮੂਸੇਵਾਲਾ ਦੁਨੀਆ ਦਾ ਪਹਿਲਾ ਗਾਇਕ ਹੋਵੇਗਾ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਉਸ ਦੇ ਮਸ਼ਹੂਰ ਗੀਤ ਦਰਸ਼ਕਾਂ ਲਈ ਪੇਸ਼ ਕੀਤੇ ਜਾਣਗੇ ਅਤੇ ਉਸ ਦੀ ਗਾਇਕੀ ਦੀ ਥਾਪੀ ਮੁੜ ਵਿਦੇਸ਼ੀ ਧਰਤੀ ’ਤੇ ਸੁਣਾਈ ਦੇਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਗਾਇਕ ਗੁਲਾਬ ਸਿੱਧੂ ਅਤੇ ਰਜ਼ਾ ਕੁਮਾਰੀ ਸਮੇਤ ਹੋਰ ਕਲਾਕਾਰ ਵੀ ਸ਼ਾਮਲ ਹੋਣਗੇ। ਟੋਰਾਂਟੋ ਤੋਂ ਸ਼ੁਰੂ ਹੋਣ ਵਾਲੀ ਇਹ ਲੜੀ ਬਾਅਦ ਵਿੱਚ ਕੈਲਗਰੀ ਅਤੇ ਹੋਰ ਵਿਦੇਸ਼ੀ ਸ਼ਹਿਰਾਂ ਤੱਕ ਪਹੁੰਚੇਗੀ, ਜਿੱਥੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਦੀ ਵਿਸ਼ੇਸ਼ ਹੋਲੋਗ੍ਰਾਮ ਪੇਸ਼ਕਾਰੀ ਦਾ ਅਨੁਭਵ ਕਰ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments