Google search engine
Home Punjab News ਰੱਖੜ ਪੁੰਨਿਆ ਜੋੜ ਮੇਲਾ ਬਣਿਆ ਸਿਆਸੀ ਅਖਾੜਾ, 2027 ਤੋਂ ਪਹਿਲਾਂ ਤਾਕਤ ਪਰਖਣਗੀਆਂ...

ਰੱਖੜ ਪੁੰਨਿਆ ਜੋੜ ਮੇਲਾ ਬਣਿਆ ਸਿਆਸੀ ਅਖਾੜਾ, 2027 ਤੋਂ ਪਹਿਲਾਂ ਤਾਕਤ ਪਰਖਣਗੀਆਂ ਪੰਜਾਬ ਦੀਆਂ ਪ੍ਰਮੁੱਖ ਧਿਰਾਂ

ਬਾਬਾ ਬਕਾਲਾ ਸਾਹਿਬ ’ਚ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦਾ ਸ਼ਕਤੀ ਪ੍ਰਦਰਸ਼ਨ; ਚੰਨੀ ਦੀ ਸਿਆਸੀ ਪਕੜ ਤੋਂ ਲੈ ਕੇ ਕਿਸਾਨਾਂ ਨੂੰ ਸਾਧਣ ਤੱਕ ਕਈ ਮੁੱਦੇ ਰਹਿਣਗੇ ਕੇਂਦਰ ’ਚ

ਬਾਬਾ ਬਕਾਲਾ ਸਾਹਿਬ: ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਇਤਿਹਾਸਕ ‘ਰੱਖੜ ਪੁੰਨਿਆ ਜੋੜ ਮੇਲਾ’ ਇਸ ਵਾਰ ਧਾਰਮਿਕ ਸਮਾਗਮ ਦੇ ਨਾਲ-ਨਾਲ ਸਿਆਸੀ ਪੱਖੋਂ ਵੀ ਬੇਹੱਦ ਅਹਿਮ ਬਣ ਗਿਆ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਇਸ ਮੇਲੇ ਨੂੰ ਆਪਣੀ ਤਾਕਤ ਅਤੇ ਲੋਕਪ੍ਰਿਯਤਾ ਦਿਖਾਉਣ ਲਈ ਵੱਡੇ ਮੰਚ ਵਜੋਂ ਵਰਤਣ ਦੀ ਤਿਆਰੀ ਵਿੱਚ ਹਨ।

ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਰੱਖੜ ਪੁੰਨਿਆ ਜੋੜ ਮੇਲੇ ਦੌਰਾਨ ਆਪਣੀ ਸਿਆਸੀ ਸਟੇਜ ਲਗਾਈ ਜਾ ਰਹੀ ਹੈ। ਇਸ ਕਾਰਨ ਬਾਬਾ ਬਕਾਲਾ ਸਾਹਿਬ ਦਾ ਇਹ ਮੇਲਾ ਇਸ ਵਾਰ ਸਿਆਸੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਆਪਣੇ-ਆਪਣੇ ਸਮਰਥਕਾਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਗੇ ਸ਼ਿਵਰਾਜ ਸਿੰਘ ਚੌਹਾਨ

ਭਾਜਪਾ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਰਾਹੀਂ ਆਪਣਾ ਸਿਆਸੀ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੇ ਇਸ ਪ੍ਰੋਗਰਾਮ ਨੂੰ ਸਿਰਫ਼ ਇੱਕ ਆਮ ਸਿਆਸੀ ਦੌਰੇ ਤੱਕ ਸੀਮਤ ਨਹੀਂ ਮੰਨਿਆ ਜਾ ਰਿਹਾ।

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ‘ਕਿਸਾਨ ਚੌਪਾਲ’ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਪੰਜਾਬ ਦੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਗੇ। ਭਾਜਪਾ ਵੱਲੋਂ ਕਿਸਾਨਾਂ ਨਾਲ ਇਸ ਤਰ੍ਹਾਂ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਨੂੰ 2027 ਦੀਆਂ ਚੋਣਾਂ ਲਈ ਆਪਣੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਅਕਾਲੀ ਦਲ ਲਈ ਵਜੂਦ ਅਤੇ ਪੰਥਕ ਪਕੜ ਦੀ ਪ੍ਰੀਖਿਆ

ਰੱਖੜ ਪੁੰਨਿਆ ਜੋੜ ਮੇਲਾ ਸ਼੍ਰੋਮਣੀ ਅਕਾਲੀ ਦਲ ਲਈ ਵੀ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਾਰਟੀ ਲਈ ਇਹ ਮੇਲਾ ਸਿਰਫ਼ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਆਪਣੀ ਪ੍ਰਾਸੰਗਿਕਤਾ ਅਤੇ ਸਿਆਸੀ ਵਜੂਦ ਨੂੰ ਮੁੜ ਮਜ਼ਬੂਤ ਕਰਨ ਦੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ।

ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਿੰਡ-ਪਿੰਡ ਜਾ ਕੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਵਰਕਰਾਂ ਨੂੰ ਇਕੱਠਾ ਕਰਕੇ ਆਪਣੀ ਜਥੇਬੰਦਕ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ।

ਚੰਨੀ ਦੀ ਸਿਆਸੀ ਤਾਕਤ ਦਾ ਵੀ ਹੋਵੇਗਾ ਇਮਤਿਹਾਨ

ਕਾਂਗਰਸ ਲਈ ਵੀ ਰੱਖੜ ਪੁੰਨਿਆ ਜੋੜ ਮੇਲਾ ਸਿਆਸੀ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਦੇ ਮੱਦੇਨਜ਼ਰ ਇਸ ਮੇਲੇ ਦੌਰਾਨ ਕਾਂਗਰਸ ਦੇ ਅੰਦਰੂਨੀ ਸਿਆਸੀ ਸਮੀਕਰਨ ਵੀ ਸਾਫ਼ ਹੋਣ ਦੀ ਸੰਭਾਵਨਾ ਹੈ।

ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ-ਹਾਜ਼ਰੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਅੰਦਰਲੇ ਦੋ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਦੋਵਾਂ ਆਗੂਆਂ ਵਿੱਚੋਂ ਕੌਣ ਆਪਣੇ ਹੱਕ ਵਿੱਚ ਵੱਧ ਸਮਰਥਨ ਅਤੇ ਭੀੜ ਇਕੱਠੀ ਕਰਨ ਵਿੱਚ ਸਫਲ ਰਹਿੰਦਾ ਹੈ।

ਚੰਨੀ ਲਈ ਵੀ ਇਹ ਮੇਲਾ ਆਪਣੀ ਸਿਆਸੀ ਪਕੜ ਅਤੇ ਲੋਕਾਂ ਵਿੱਚ ਪ੍ਰਭਾਵ ਦਿਖਾਉਣ ਦਾ ਮੌਕਾ ਮੰਨਿਆ ਜਾ ਰਿਹਾ ਹੈ। ਕਾਂਗਰਸ ਦੇ ਅੰਦਰਲੇ ਸਿਆਸੀ ਸਮੀਕਰਨਾਂ ਨੂੰ ਦੇਖਦਿਆਂ ਮੇਲੇ ਦੌਰਾਨ ਹੋਣ ਵਾਲੀਆਂ ਸਰਗਰਮੀਆਂ ’ਤੇ ਪਾਰਟੀ ਦੇ ਵਰਕਰਾਂ ਅਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਰਹਿਣਗੀਆਂ।

‘ਆਪ’ ਵੱਲੋਂ ਰਈਆ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਸਮਾਗਮ

ਦੂਜੇ ਪਾਸੇ, ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਰੱਖੜ ਪੁੰਨਿਆ ਜੋੜ ਮੇਲੇ ਨੂੰ ਲੈ ਕੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਨੇ ਰਈਆ ਅਨਾਜ ਮੰਡੀ ਵਿਖੇ ਹੋਣ ਵਾਲੇ ਆਪਣੇ ਸਮਾਗਮ ਨੂੰ ‘ਸੂਬਾ ਪੱਧਰੀ’ ਕਰਾਰ ਦਿੱਤਾ ਹੈ।

ਇਸ ਸਮਾਗਮ ਦੀਆਂ ਤਿਆਰੀਆਂ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪਾਰਟੀ ਵੱਲੋਂ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸਮਰਥਕਾਂ ਨੂੰ ਇਕੱਠਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਤਰ੍ਹਾਂ ਰੱਖੜ ਪੁੰਨਿਆ ਜੋੜ ਮੇਲਾ ਇਸ ਵਾਰ ਧਾਰਮਿਕ ਮਹੱਤਤਾ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਲਈ ਵੀ ਵੱਡਾ ਮੰਚ ਬਣ ਗਿਆ ਹੈ। ਭਾਜਪਾ ਵੱਲੋਂ ਕਿਸਾਨਾਂ ਨਾਲ ਸਿੱਧਾ ਸੰਵਾਦ, ਅਕਾਲੀ ਦਲ ਵੱਲੋਂ ਆਪਣੀ ਪੰਥਕ ਅਤੇ ਜਥੇਬੰਦਕ ਪਕੜ ਦਿਖਾਉਣ ਦੀ ਕੋਸ਼ਿਸ਼, ਕਾਂਗਰਸ ਅੰਦਰ ਚੰਨੀ ਅਤੇ ਰਾਜਾ ਵੜਿੰਗ ਨਾਲ ਜੁੜਿਆ ਸਿਆਸੀ ਸਮੀਕਰਨ ਅਤੇ ‘ਆਪ’ ਵੱਲੋਂ ਸੂਬਾ ਪੱਧਰੀ ਸਮਾਗਮ—ਇਹ ਸਾਰੇ ਪੱਖ ਇਸ ਮੇਲੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਅਹਿਮ ਸਿਆਸੀ ਤਾਕਤ ਪਰਖ ਵਿੱਚ ਬਦਲ ਰਹੇ ਹਨ।

Exit mobile version