ਵਧਦੇ ਫੌਜੀ ਖ਼ਰਚ ਵਿਚਕਾਰ ਕੈਨੇਡੀਅਨ ਕੰਪਨੀਆਂ ਰੱਖਿਆ ਉਤਪਾਦਾਂ ਵੱਲ ਮੁੜੀਆਂ; ਵਰਦੀਆਂ ਤੋਂ ਲੈ ਕੇ ਡਰੋਨ ਅਤੇ ਖ਼ੁਦਮੁਖ਼ਤਾਰ ਰੋਬੋਟ ਤੱਕ ਤਿਆਰ ਕਰਨ ਦੀਆਂ ਤਿਆਰੀਆਂ
ਟੋਰਾਂਟੋ: ਅਮਰੀਕੀ ਫੌਜੀ ਸਪਲਾਇਰਾਂ ’ਤੇ ਆਪਣੀ ਨਿਰਭਰਤਾ ਘਟਾਉਣ ਦੇ ਕੈਨੇਡਾ ਦੇ ਯਤਨਾਂ ਦੀ ਝਲਕ ਟੋਰਾਂਟੋ ਦੀ ਇੱਕ ਕੱਪੜਾ ਫੈਕਟਰੀ ਵਿੱਚ ਸਾਫ਼ ਨਜ਼ਰ ਆ ਰਹੀ ਹੈ। ਇੱਥੇ ਸਿਲਾਈ ਮਸ਼ੀਨਾਂ ’ਤੇ ਝੁਕੇ ਹੋਏ ਕਾਮੇ ਤੇਜ਼ੀ ਨਾਲ ਫੌਜੀ ਵਰਦੀਆਂ ਅਤੇ ਪੱਟੀਆਂ ਤਿਆਰ ਕਰ ਰਹੇ ਹਨ। ਫੈਕਟਰੀ ਦੇ ਅਗਲੇ ਕਮਰੇ ਵਿੱਚ ਕਾਮੇ ਫੌਜ ਲਈ ਤਿਆਰ ਕੀਤੇ ਜਾ ਰਹੇ ਹੈਲਮੇਟਾਂ ਦੇ ਕਵਰਾਂ ਦੀ ਜਾਂਚ ਕਰਦੇ ਅਤੇ ਉਨ੍ਹਾਂ ਵਿੱਚੋਂ ਧਾਗੇ ਦੇ ਵਾਧੂ ਟੁਕੜੇ ਕੱਟਦੇ ਦਿਖਾਈ ਦੇ ਰਹੇ ਹਨ।
ਇਹ ਫੈਕਟਰੀ ‘ਵਕਸਲੀ’ ਲਈ ਫੌਜੀ ਵਰਦੀਆਂ ਤਿਆਰ ਕਰ ਰਹੀ ਹੈ। ‘ਵਕਸਲੀ’ ਇੱਕ ਅਜਿਹੀ ਕੰਪਨੀ ਹੈ ਜੋ ਮੁੱਖ ਤੌਰ ’ਤੇ ਲਗਜ਼ਰੀ ਜੈਕਟਾਂ ਬਣਾਉਣ ਲਈ ਜਾਣੀ ਜਾਂਦੀ ਹੈ। ਹੁਣ ਇਹ ਉਨ੍ਹਾਂ ਕਈ ਕੈਨੇਡੀਅਨ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਰੱਖਿਆ ਖੇਤਰ ਵਿੱਚ ਠੇਕੇਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਹੈ।
ਕੈਨੇਡਾ ਵੱਲੋਂ ਆਪਣਾ ਫੌਜੀ ਖ਼ਰਚ ਵਧਾਏ ਜਾਣ ਦੇ ਨਾਲ ਰੱਖਿਆ ਉਦਯੋਗ ਵਿੱਚ ਵੀ ਗਤੀ ਤੇਜ਼ ਹੋ ਰਹੀ ਹੈ। ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਹੁਣ ਕੈਨੇਡਾ ਦੇ ਵਿਸ਼ਾਲ ਆਰਕਟਿਕ ਖੇਤਰ ਦੀ ਨਿਗਰਾਨੀ ਲਈ ਦੂਰ-ਦਰਾਜ਼ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਸੰਵੇਦਕ ਤਿਆਰ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੈਨਿਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਉਣ ਲਈ ਡਰੋਨ ਬਣਾਏ ਜਾ ਰਹੇ ਹਨ, ਜਦਕਿ ਖ਼ੁਦਮੁਖ਼ਤਾਰ ਤਰੀਕੇ ਨਾਲ ਕੰਮ ਕਰਨ ਵਾਲੇ ਰੋਬੋਟ ਵੀ ਤਿਆਰ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਰੱਖਿਆ ਖੇਤਰ ਵਿੱਚ ਆ ਰਹੀ ਇਹ ਤੇਜ਼ੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੀਤੇ ਉਸ ਵਾਅਦੇ ਨਾਲ ਵੀ ਜੁੜੀ ਹੋਈ ਹੈ, ਜਿਸ ਤਹਿਤ ਉਨ੍ਹਾਂ ਨੇ ਵਾਸ਼ਿੰਗਟਨ ਨਾਲ ਸਬੰਧਾਂ ਵਿੱਚ ਆ ਰਹੀ ਖਟਾਸ ਦੇ ਮੱਦੇਨਜ਼ਰ ਕੈਨੇਡਾ ਦੀ ਆਰਥਿਕ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਹੈ।
ਕੈਨੇਡੀਅਨ ਰੱਖਿਆ ਉਦਯੋਗ ਵਿੱਚ ਹੁਣ ਨਵੀਆਂ ਸ਼ੁਰੂਆਤੀ ਕੰਪਨੀਆਂ ਦੇ ਨਾਲ-ਨਾਲ ਪਹਿਲਾਂ ਤੋਂ ਸਥਾਪਤ ਕੰਪਨੀਆਂ ਵੀ ਵੱਡੇ ਪੱਧਰ ’ਤੇ ਮੌਕੇ ਭਾਲ ਰਹੀਆਂ ਹਨ। ਯੂਰਪ ਦੀਆਂ ਕੰਪਨੀਆਂ ਵੀ ਇਸ ਖੇਤਰ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਾਟੋ ਦੇ ਮੈਂਬਰ ਦੇਸ਼ਾਂ ’ਤੇ ਰੱਖਿਆ ਖ਼ਰਚ ਵਿੱਚ ਵੱਧ ਯੋਗਦਾਨ ਪਾਉਣ ਲਈ ਬਣਾਏ ਜਾ ਰਹੇ ਦਬਾਅ ਦੇ ਵਿਚਕਾਰ ਕੈਨੇਡਾ ਨੂੰ ਅਰਬਾਂ ਡਾਲਰ ਦੇ ਵਾਧੂ ਰੱਖਿਆ ਫੰਡ ਮਿਲਣ ਦੀ ਉਮੀਦ ਹੈ।
ਇਨ੍ਹਾਂ ਵਧਦੇ ਫੰਡਾਂ ਦਾ ਲਾਭ ਲੈਣ ਲਈ ਕੈਨੇਡਾ ਦੀਆਂ ਨਵੀਆਂ ਅਤੇ ਪੁਰਾਣੀਆਂ ਕੰਪਨੀਆਂ ਰੱਖਿਆ ਖੇਤਰ ਵਿੱਚ ਆਪਣੀ ਭੂਮਿਕਾ ਵਧਾਉਣ ਲਈ ਤਿਆਰ ਹਨ। ਇਸ ਨਾਲ ਇੱਕ ਪਾਸੇ ਕੈਨੇਡਾ ਦੀ ਫੌਜੀ ਸਮਰੱਥਾ ਮਜ਼ਬੂਤ ਕਰਨ ਦਾ ਰਾਹ ਖੁੱਲ੍ਹ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਅਮਰੀਕੀ ਸਪਲਾਈ ’ਤੇ ਆਪਣੀ ਨਿਰਭਰਤਾ ਘਟਾ ਕੇ ਘਰੇਲੂ ਰੱਖਿਆ ਉਦਯੋਗ ਨੂੰ ਵਿਕਸਤ ਕਰਨ ਵੱਲ ਵਧ ਰਿਹਾ ਹੈ।




