ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਸਤੰਬਰ ਦੇ ਬ੍ਰਿਕਸ ਸਿਖਰ ਸੰਮੇਲਨ ਲਈ ਦਿੱਤਾ ਸੱਦਾ; ਯੂਕਰੇਨ ਜੰਗ, ਵਿਸ਼ਵ ਹਾਲਾਤ ਅਤੇ ਭਾਰਤ-ਰੂਸ ਸਬੰਧਾਂ ’ਤੇ ਹੋਈ ਚਰਚਾ
ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸਿਖਰ ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਅਹਿਮ ਦੁਵੱਲੀ ਮੁਲਾਕਾਤ ਹੋਈ। ਦੋਵਾਂ ਆਗੂਆਂ ਵਿਚਾਲੇ ਕਰੀਬ 10 ਮਿੰਟ ਤੱਕ ਹੋਈ ਇਸ ਮੁਲਾਕਾਤ ਦੌਰਾਨ ਗਰਮਜੋਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਮੁਲਾਕਾਤ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਨੇ ਇੱਕ-ਦੂਜੇ ਨੂੰ ਗਲੇ ਮਿਲ ਕੇ ਸਾਂਝੇ ਸਬੰਧਾਂ ਦੀ ਮਜ਼ਬੂਤੀ ਦਾ ਸੰਕੇਤ ਦਿੱਤਾ।
ਇਸ ਦੁਵੱਲੀ ਵਾਰਤਾ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਰੂਸ ਵਿਚਾਲੇ ਰਣਨੀਤਕ ਸਬੰਧਾਂ ਤੋਂ ਇਲਾਵਾ ਯੂਕਰੇਨ ਜੰਗ ਅਤੇ ਮੌਜੂਦਾ ਵਿਸ਼ਵ ਪੱਧਰੀ ਹਾਲਾਤ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਜੰਗਾਂ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਦਾ ਰਾਹ ਪੱਧਰਾ ਕਰਨ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਦੀ ਬਹਾਲੀ ਲਈ ਕੀਤੇ ਜਾ ਰਹੇ ਹਰ ਸੰਭਵ ਯਤਨ ਦਾ ਸਮਰਥਨ ਕਰਦਾ ਹੈ।
ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸਤੰਬਰ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਵੀ ਦਿੱਤਾ। ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਨੂੰ ਭਾਰਤ-ਰੂਸ ਸਬੰਧਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।
ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਨੇ ਇਕੱਠੇ ਇੱਕੋ ਕਾਰ ਵਿੱਚ ਸਫ਼ਰ ਕੀਤਾ। ਦੋਵੇਂ ਆਗੂ 6ਵੀਆਂ ਵਿਸ਼ਵ ਖਾਨਾਬਦੋਸ਼ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇੱਕੋ ਗੱਡੀ ਵਿੱਚ ਰਵਾਨਾ ਹੋਏ। ਦੋਵਾਂ ਆਗੂਆਂ ਦੇ ਇੱਕੋ ਕਾਰ ਵਿੱਚ ਸਵਾਰ ਹੋਣ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀਆਂ।
ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਮੋਦੀ ਦੀਆਂ ਮੁਲਾਕਾਤਾਂ
ਬਿਸ਼ਕੇਕ ਵਿੱਚ ਹੋ ਰਹੇ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤਾਂ ਕੀਤੀਆਂ। ਇਨ੍ਹਾਂ ਵਿੱਚ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਆਨ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਹਨ।
ਇਸ ਸਿਖਰ ਸੰਮੇਲਨ ਵਿੱਚ ਭਾਰਤ, ਚੀਨ, ਰੂਸ, ਪਾਕਿਸਤਾਨ ਅਤੇ ਇਰਾਨ ਸਮੇਤ ਕੁੱਲ 10 ਮੈਂਬਰ ਦੇਸ਼ਾਂ ਦੇ ਪ੍ਰਮੁੱਖ ਆਗੂ ਹਿੱਸਾ ਲੈ ਰਹੇ ਹਨ। ਇਸ ਕਾਰਨ ਬਿਸ਼ਕੇਕ ਵਿੱਚ ਹੋ ਰਹੀਆਂ ਦੁਵੱਲੀਆਂ ਮੁਲਾਕਾਤਾਂ ਨੂੰ ਖੇਤਰੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਪੂਤਿਨ ਪਹਿਲਾਂ ਵੀ ਕਰ ਚੁੱਕੇ ਹਨ ਭਾਰਤ ਦੀ ਵਿਦੇਸ਼ ਨੀਤੀ ਦਾ ਸਮਰਥਨ
ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵੱਲੋਂ ਅਪਣਾਈ ਜਾ ਰਹੀ ਸੁਤੰਤਰ ਵਿਦੇਸ਼ ਨੀਤੀ ਦੀ ਹਮਾਇਤ ਕਰ ਚੁੱਕੇ ਹਨ। ਜੂਨ ਵਿੱਚ ਉਨ੍ਹਾਂ ਕਿਹਾ ਸੀ ਕਿ ਰੂਸ ਨਾਲ ਸਬੰਧਾਂ ਨੂੰ ਲੈ ਕੇ ਭਾਰਤ ’ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਬੇਕਾਰ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਕੌਮਾਂਤਰੀ ਸਬੰਧਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।
ਸੇਂਟ ਪੀਟਰਸਬਰਗ ਦੇ ਕੋਂਸਟੈਂਟਿਨ ਪੈਲੇਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਪੂਤਿਨ ਤੋਂ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਨਾਲ ਭਾਰਤ ਦੀ ਵਧ ਰਹੀ ਨੇੜਤਾ ਕਾਰਨ ਭਾਰਤ-ਰੂਸ ਸਬੰਧਾਂ ਵਿੱਚ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਹੋ ਰਿਹਾ ਹੈ। ਇਸ ’ਤੇ ਰੂਸੀ ਰਾਸ਼ਟਰਪਤੀ ਨੇ ਅਜਿਹੀਆਂ ਅਟਕਲਾਂ ਨੂੰ ਰੱਦ ਕਰ ਦਿੱਤਾ ਸੀ।
ਪੂਤਿਨ ਨੇ ਭਾਰਤ ਨੂੰ ਰੂਸ ਦਾ ਭਰੋਸੇਮੰਦ ਭਾਈਵਾਲ ਦੱਸਦਿਆਂ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ’ਤੇ ਭਰੋਸਾ ਜਤਾਇਆ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਭਾਰਤ ਅਤੇ ਰੂਸ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਕੂਟਨੀਤਕ ਅਤੇ ਰਣਨੀਤਕ ਸਬੰਧਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਮੰਨਿਆ ਗਿਆ ਸੀ।
ਬਿਸ਼ਕੇਕ ਵਿੱਚ ਮੋਦੀ ਅਤੇ ਪੂਤਿਨ ਦੀ ਤਾਜ਼ਾ ਮੁਲਾਕਾਤ ਅਤੇ ਦੋਵਾਂ ਆਗੂਆਂ ਵੱਲੋਂ ਇੱਕੋ ਕਾਰ ਵਿੱਚ ਸਮਾਗਮ ਲਈ ਜਾਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਰੂਸ ਵਿਚਾਲੇ ਰਿਸ਼ਤਿਆਂ ਵਿੱਚ ਉੱਚ ਪੱਧਰੀ ਸੰਪਰਕ ਅਤੇ ਨੇੜਤਾ ਅਜੇ ਵੀ ਕਾਇਮ ਹੈ। ਇਸ ਦੇ ਨਾਲ ਹੀ ਯੂਕਰੇਨ ਜੰਗ ਅਤੇ ਵਿਸ਼ਵ ਪੱਧਰੀ ਤਣਾਅ ਦਰਮਿਆਨ ਭਾਰਤ ਵੱਲੋਂ ਸ਼ਾਂਤੀ ਅਤੇ ਗੱਲਬਾਤ ’ਤੇ ਜ਼ੋਰ ਦੇਣਾ ਵੀ ਇਸ ਮੁਲਾਕਾਤ ਦਾ ਇੱਕ ਅਹਿਮ ਪੱਖ ਰਿਹਾ।
