‘ਦੋਵੇਂ ਪਾਰਟੀਆਂ ਮੁੜ ਪੰਜਾਬ ਨੂੰ ਲੁੱਟਣ ਲਈ ਜੱਫੀਆਂ ਪਾਉਣ ਨੂੰ ਤਿਆਰ’; ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਦੋ ਨਵੇਂ ਬੇੜੇ ਸੌਂਪੇ
ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਹੈ ਕਿ ਦੋਵੇਂ ਪਾਰਟੀਆਂ ਪੰਜਾਬ ਵਿੱਚ ਆਪਣੀ ਸਿਆਸੀ ਹੋਂਦ ਬਚਾਉਣ ਲਈ ਮੁੜ ਗਠਜੋੜ ਕਰਨ ਵਾਸਤੇ ਕਾਹਲੀਆਂ ਨਜ਼ਰ ਆ ਰਹੀਆਂ ਹਨ।
ਸਰਹੱਦੀ ਪਿੰਡ ਦਰਿਆ ਮੂਸਾ ਅਤੇ ਬੇਦੀ ਛੰਨਾਂ ਵਿਖੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਦੋ ਵੱਡੀਆਂ ਬੇੜੀਆਂ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਹੋਂਦ ਬਚਾਉਣ ਲਈ ਭਾਜਪਾ ਨਾਲ ਮੁੜ ਗਠਜੋੜ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਵੀ ਪੰਜਾਬ ਵਿੱਚ ਆਪਣੀ ਸਿਆਸੀ ਸਥਿਤੀ ਮਜ਼ਬੂਤ ਨਾ ਹੋਣ ਕਾਰਨ ਅਕਾਲੀ ਦਲ ਨਾਲ ਮੁੜ ਹੱਥ ਮਿਲਾਉਣ ਲਈ ਤਿਆਰ ਬੈਠੀ ਹੈ।
ਧਾਲੀਵਾਲ ਨੇ ਦੋਸ਼ ਲਗਾਇਆ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਇੱਕੋ-ਇੱਕ ਮਕਸਦ ਦੇਸ਼ ਅਤੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਪੰਜਾਬ ਨੂੰ ਲੁੱਟਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਤਰੀਕੇ ਨਾਲ ਪੰਜਾਬ ਵਿੱਚ ਸੱਤਾ ਹਾਸਲ ਕਰਕੇ ਸੂਬੇ ਦੇ ਸਰੋਤ ਵੱਡੇ ਕਾਰੋਬਾਰੀ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਦੌਰ ਹੁਣ ਬੀਤ ਚੁੱਕਾ ਹੈ ਅਤੇ ਪਾਰਟੀ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਲਗਭਗ ਮਿਟ ਚੁੱਕੀ ਹੈ। ਧਾਲੀਵਾਲ ਨੇ ਅਕਾਲੀ ਦਲ ’ਤੇ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਲੋਕ ਆਪਣੇ ਆਪ ਨੂੰ ਭਗਤ ਦੱਸ ਰਹੇ ਹਨ, ਜਦਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਣਾ ਸਿਆਸੀ ਬੇੜਾ ਡੁੱਬਿਆ ਵੇਖ ਕੇ ਹੁਣ ਅਕਾਲੀ ਦਲ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਣ ਲਈ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੋਵਾਂ ਪਾਰਟੀਆਂ ਨੇ ਆਪਣੇ ਲੰਮੇ ਰਾਜ ਦੌਰਾਨ ਪੰਜਾਬ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਨਿਜ਼ਾਤ ਮਿਲ ਚੁੱਕੀ ਹੈ ਅਤੇ ਹੁਣ ਲੋਕ ਸਾਲ 2027 ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਕੰਮਾਂ ਦਾ ਜਵਾਬ ਦੇ ਕੇ ਸਿਆਸੀ ਗੁਮਨਾਮੀ ਵੱਲ ਭੇਜ ਦੇਣਗੇ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਅਤੇ ਗਾਰੰਟੀਆਂ ਨੂੰ ਪੂਰਾ ਕਰਕੇ ਅੱਜ ਲੋਕਾਂ ਦੇ ਸਾਹਮਣੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਸਿਆਸੀ ਪਰਿਵਾਰਾਂ ਵੱਲੋਂ ਪਿਛਲੇ ਸਮੇਂ ਵਿੱਚ ਨਿਭਾਈ ਗਈ ਭੂਮਿਕਾ ਤੋਂ ਸੂਬੇ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਸਿਆਸੀ ਦੌਰ ਦੇ ਆਖ਼ਰੀ ਪੜਾਅ ਵਿੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਿਆਸੀ ਅਖਾੜੇ ਵਿੱਚ ਆਪਣਾ ਸਭ ਕੁਝ ਗੁਆ ਬੈਠੇਗੀ।
ਇਸ ਦੌਰਾਨ ਧਾਲੀਵਾਲ ਨੇ ਸਰਹੱਦੀ ਕਿਸਾਨਾਂ ਲਈ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜ਼ਮੀਨਾਂ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਹੂਲਤ ਲਈ ਪਹਿਲਾਂ ਰਾਵੀ ਦਰਿਆ ’ਤੇ ਇੱਕ ਪੁਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਸਰਹੱਦੀ ਪਿੰਡਾਂ ਵਿੱਚ ਵੀ ਬੇੜੀਆਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਕਿਸਾਨ ਦਰਿਆ ਤੋਂ ਪਾਰ ਸਥਿਤ ਹਜ਼ਾਰਾਂ ਏਕੜ ਜ਼ਮੀਨ ਵਿੱਚ ਆਸਾਨੀ ਨਾਲ ਖੇਤੀ ਕਰ ਸਕਣ।
ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ, ਖੇਡ ਸਟੇਡੀਅਮਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਸਦਕਾ ਹਲਕੇ ਨੂੰ ਸੂਬੇ ਵਿੱਚ ਮੋਹਰੀ ਸਥਾਨ ’ਤੇ ਲਿਆਂਦਾ ਗਿਆ ਹੈ ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਲਕੇ ਵਿੱਚ ਇੰਨੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਹੋਏ ਹਨ।
